ਸਰਬਜੀਤ ਸਿੰਘ ਭੱਟੀ
ਲਾਲੜੂ, 16 ਸਤੰਬਰ
ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ’ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਕ ਸਾਲ ਪੂਰਾ ਹੋਣ ’ਤੇ ਅੱਜ ਸ੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਦੀ ਅਗਵਾਈ ਹੇਠ ਪੰਜਾਬ ਹਰਿਆਣਾ ਦੀ ਸੀਮਾ ’ਤੇ ਪੈਂਦੇ ਪਿੰਡ ਝਰਮੜੀ ਤੋਂ ਅਕਾਲੀ ਵਰਕਰਾਂ ਦਾ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਇਆ। ਜੋ 17 ਸਤੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕਰਕੇ ਸੰਸਦ ਦਾ ਘਿਰਾਓ ਕਰੇਗਾ। ਜਿਸ ਦੀ ਅਗਵਾਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਸ਼ਰਮਾ ਨੇ ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਮੁਲਾਕਾਤ ’ਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਣਾ ਚਹੁੰਦੀ ਹੈ। ਜੋ ਦੇਸ਼ ਹਿੱਤ ’ਚ ਨਹੀਂ ਹੈ। ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੇਸ਼ ਦੇ ਅਰਥਚਾਰੇ ਲਈ ਬਹੁਤ ਵੱਡਾ ਪਿੱਲਰ ਹੈ ਤੇ ਦਿੱਲੀ ਵਿੱਚ ਬੈਠੇ ਹਾਕਮ ਕਿਸਾਨੀ ਤੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨੂੰ ਪੰਜਾਬ ਦੇ ਬਹਾਦਰ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਕੇਂਦਰ ਦੀ ਭਾਜਪਾ ਸਰਕਾਰ ਦੇ ਹਾਕਮਾਂ ਨੂੰ ਮੁੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤੇ ਕਿਸਾਨੀ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।
ਸੰਸਦ ਘੇਰਨ ਲਈ ਯੂਥ ਅਕਾਲੀ ਦਲ ਦਾ ਕਾਫਲਾ ਦਿੱਲੀ ਰਵਾਨਾ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 17 ਸਤੰਬਰ ਨੂੰ ਦਿੱਲੀ ’ਚ ਸੰਸਦ ਦਾ ਘਿਰਾਓ ਕਰਨ ਦੇ ਐਲਾਨ ਤਹਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਮਾਰਚ ਕਰਦੇ ਹੋਏ ਸੰਸਦ ਵੱਲ ਵਧਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਯੂਥ ਅਕਾਲੀ ਦਲ ਦੇ ਬੁਲਾਰੇ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਦਾ ਕਾਫ਼ਲਾ ਦਿੱਲੀ ਨੂੰ ਲਿਜਾਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਵਪਾਰੀ ਘਰਾਣਿਆਂ ਕੋਲ ਵੇਚ ਦਿੱਤਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਅਕਾਲੀ ਦਲ ਕਿਸਾਨਾਂ ਤੋਂ ਬਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਜਦੋਂ ਇਹ ਕਾਲੇ ਖੇਤੀ ਬਿੱਲ ਸੰਸਦ ’ਚ ਪਾਸ ਕੀਤੇ ਗਏ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਪਦ ਨੂੰ ਠੋਕਰ ਮਾਰਦੇ ਹੋਏ ਕਿਸਾਨਾਂ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਸੀ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 30 ਸਾਲਾਂ ਤੋਂ ਭਾਜਪਾ ਨਾਲ ਚਲਿਆ ਆ ਰਿਹਾ ਰਿਸ਼ਤਾ ਖਤਮ ਕਰ ਦਿੱਤਾ ਸੀ।
ਕੈਪਸ਼ਨ: ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਦਾ ਕਾਫ਼ਲਾ ਦਿੱਲੀ ਰਵਾਨਾ ਹੁੰਦਾ ਹੋਇਆ।-ਫ਼ੋਟੋ: ਸੂਦ
ਕੈਪਸ਼ਨ: ਪਿੰਡ ਝਰਮੜੀ ਤੋਂ ਦਿੱਲੀ ਰੋਸ ਮਾਰਚ ਲਈ ਅਕਾਲੀ ਵਰਕਰਾਂ ਦੇ ਜੱਥੇ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਐਨ.ਕੇ.ਸ਼ਰਮਾ।