ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 21 ਅਗਸਤ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ 93 ਫ਼ੀਸਦੀ ਤੋਂ ਵੱਧ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਆਉਣ ਵਾਲੇ ਇਕ-ਦੋ ਮਹੀਨਿਆਂ ਵਿੱਚ ਪੂਰੇ ਕਰ ਦਿੱਤੇ ਜਾਣਗੇ। ਅੱਜ ਇੱਥੇ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਿੱਚ ਰੱਖੜੀ ਤਿਉਹਾਰ ਨੂੰ ਸਮਰਪਿਤ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਹਾਸਲ ਕੀਤੀ ਹੈ। ਕਰੋਨਾ ਕਾਲ ਦੌਰਾਨ ਜਿੱਥੇ ਹੋਰ ਸੂਬਿਆਂ ਵਿੱਚ ਲੋਕਾਂ ਨੂੰ ਹਸਪਤਾਲਾਂ ਵਿੱਚ ਬੈੱਡ ਤੇ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਉੱਥੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਦੀ ਜਾਨ ਨਹੀਂ ਗਈ। ਆਕਸੀਜਨ ਲਈ ਤਾਂ ਗੁਆਂਢੀ ਸੂਬਿਆਂ ਦੇ ਲੋਕ ਵੀ ਪੰਜਾਬ ਵਿੱਚ ਆਏ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿੱਚ ਪਹੁੰਚ ਗਿਆ ਹੈ। ਸਮਾਗਮ ਵਿੱਚ ਆਈਆਂ ਔਰਤਾਂ ਨੂੰ ਸਿਹਤ ਮੰਤਰੀ ਨੇ 2600 ਸੂਟ ਵੰਡੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਵੀਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਾਜਿੰਦਰ ਰਾਣਾ, ਰਿਸ਼ਵ ਜੈਨ, ਬਹਾਦਰ ਸਿੰਘ ਸਰਪੰਚ ਬਲੌਂਗੀ, ਕੌਂਸਲਰ ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ ਅਤੇ ਜੋਗਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।