ਸਰਬਜੀਤ ਸਿੰਘ ਭੱਟੀ
ਲਾਲੜੂ, 23 ਮਾਰਚ
ਇੱਥੇ ਸਰਦਾਰਪੁਰਾ ਕਾਲੋਨੀ ਵਿੱਚ ਘਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਝੁਲਸਣ ਕਾਰਨ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਏਐੱਸਆਈ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਸ਼ਾਰਟ ਸਰਕਟ ਨਾਲ ਲੱਗੀ ਅੱਗ ਪਾਣੀ ਬੁਝਾਉਂਦਿਆਂ ਨੌਜਵਾਨ ਨੂੰ ਕਰੰਟ ਲੱਗ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਡੇਰਾਬਸੀ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੱਤਾ (24) ਪੁੱਤਰ ਪਾਲਾ ਰਾਮ ਮੂਲ ਰੂਪ ਵਿੱਚ ਯੂ.ਪੀ ਦਾ ਰਹਿਣ ਵਾਲਾ ਸੀ ਅਤੇ ਸਰਦਾਰਪੁਰਾ ਕਾਲੋਨੀ ਲਾਲੜੂ ਵਿੱਚ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਸੀ। ਹਾਦਸੇ ਸਮੇਂ ਉਹ ਘਰ ਵਿੱਚ ਇਕੱਲਾ ਸੀ , ਉਸ ਦੀ ਮਾਂ ਡਿਊਟੀ ’ਤੇ ਗਈ ਹੋਈ ਸੀ ਅਤੇ ਭੈਣ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਸੀ। ਇਸੇ ਦੌਰਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਵਿੱਚ ਅੱਗ ਲੱਗ ਗਈ, ਉਸ ਨੇ ਅਣਜਾਣਪੁਣੇ ਵਿੱਚ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਉਲਟਾ ਅਸਰ ਹੋਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।