ਮੁਕੇਸ਼ ਕੁਮਾਰ
ਚੰਡੀਗੜ੍ਹ, 5 ਮਾਰਚ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮੁੜ ਵਸੇਬੇ ਅਧੀਨ ਅਲਾਟ ਕੀਤੇ ਗਏ ਫਲੈਟਾਂ ਦੀ ਬਕਾਇਆ ਰਾਸ਼ੀ ਦੀਆਂ ਕਿਸ਼ਤਾਂ ਜਮ੍ਹਾਂ ਨਾ ਕਰਵਾਉਣ ਨੂੰ ਲੈ ਕੇ ਸਖਤੀ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਸਬੰਧੀ ਵਾਰ ਵਾਰ ਨੋਟਿਸ ਭੇਜਣ ਦੇ ਬਾਵਜੂਦ ਬਣਦੀ ਰਾਸ਼ੀ ਜਮ੍ਹਾਂ ਨਾ ਕਰਾਉਣ ਵਾਲਿਆਂ ਦੇ ਫਲੈਟਾਂ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਵੱਲੋਂ ਅਜਿਹੇ ਲਗਪਗ ਇੱਕ ਸੌ ਡਿਫਾਲਟਰਾਂ ਨੂੰ ਅਲਾਟਮੈਂਟ ਰੱਦ ਕਰਨ ਦੇ ਨੋਟਿਸ ਭੇਜੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੋਟਿਸ ਭੇਜਣ ਦੀ ਤਿਆਰੀ ਹੈ।
ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਬੋਰਡ ਵੱਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਸਮੇਂ ਸਮੇਂ ‘ਤੇ ਕੈਂਪ ਵੀ ਲਗਾਏ ਗਏ ਅਤੇ ਬਕਾਇਦਾ ਨੋਟਿਸ ਭੇਜ ਕੇ ਚੇਤਾਇਆ ਵੀ ਗਿਆ ਪਰ ਅਲਾਟੀਆਂ ਨੇ ਬੋਰਡ ਦੀ ਅਪੀਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਬਣਦੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਦੱਸਿਆ ਕਿ ਬੋਰਡ ਨੇ ਅਜਿਹੇ ਇੱਕ ਸੌ ਦੇ ਲਗਪਗ ਅਲਾਟੀਆਂ ਨੂੰ ਅਲਾਟਮੈਂਟ ਰੱਦ ਕਰਨ ਦੇ ਨੋਟਿਸ ਭੇਜੇ ਹਨ ਅਤੇ ਇਕ ਫਲੈਟ ਦੀ ਅਲਾਟਮੈਂਟ ਰੱਦ ਵੀ ਕਰ ਦਿੱਤੀ ਹੈ। ਗਰਗ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਡਿਫਾਲਟਰ ਹੋਰ ਅਲਾਟੀਆਂ ਨੂੰ ਉਨ੍ਹਾਂ ਦੇ ਫਲੈਟ ਦੀ ਅਲਾਟਮੈਂਟ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੋਰਡ ਨੇ ਬਕਾਏਦਾਰ ਅਲਾਟੀਆਂ ਦੇ ਬਕਾਇਆ ਰਾਸ਼ੀ ਦੀ ਲਿਸਟ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਹੋਈ ਹੈ।
ਯਸ਼ਪਾਲ ਗਰਗ ਨੇ ਦੱਸਿਆ ਕਿ ਬੋਰਡ ਨੇ ਪਿਛਲੇ ਮਹੀਨੇ ਫਰਵਰੀ ਵਿੱਚ ਛੇ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਰਿਕਵਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੀ 30 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਿਕਵਰੀ ਬਕਾਇਆ ਹੈ। ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਇੱਥੇ ਮੌਲੀ ਜਾਗਰਾਂ ਵਿੱਚ ਸ਼ੁਰੂ ਕੀਤੇ ਗਏ ਸਪੈਸ਼ਲ ਕਾਊਂਟਰ ਬੰਦ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਥਾਵਾਂ ’ਤੇ ਬਣਾਏ ਗਏ ਕਾਊਂਟਰ ਵੀ ਬੰਦ ਹੋ ਜਾਣਗੇ। ਇਸ ਤੋਂ ਬਾਅਦ ਬੋਰਡ ਦੇ ਅਲਾਟੀ ਆਪਣੀ ਬਕਾਇਆ ਰਾਸ਼ੀ ਆਨਲਾਈਨ ਪ੍ਰਣਾਲੀ ਜਾਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਖੁੱਲ੍ਹੇ ਹੋਏ ਸੰਪਰਕ ਸੈਂਟਰਾਂ ‘ਤੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਬਕਾਏਦਾਰ ਅਲਾਟੀਆਂ ਨੂੰ ਅਪੀਲ ਕੀਤੀ ਕਿ ਉਹ ਬੋਰਡ ਵੱਲੋਂ ਕੀਤੀ ਜਾਣ ਵਾਲੀ ਕਿਸੀ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਆਪਣੀ ਬਕਾਇਆ ਰਾਸ਼ੀ ਸਮੇਂ ਸਿਰ ਜਮ੍ਹਾਂ ਕਰਵਾਉਣ।