ਮਿਹਰ ਸਿੰਘ
ਕੁਰਾਲੀ, 18 ਅਪਰੈਲ
ਪਿੰਡ ਮਿਰਜ਼ਾਰਪੁਰ ਨੂੰ ਬੱਦੀ ਜਾਣ ਵਾਲੇ ਸਦੀਆਂ ਪੁਰਾਣਾ ਰਸਤੇ ਨੂੰ ਜੰਗਲਾਤ ਵਿਭਾਗ ਵੱਲੋਂ ਬੰਦ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦਿੱਤਾ। ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਪਿੰਡ ਵਾਸੀਆਂ ਦੀ ਸਾਰ ਲੈਣ ਲਈ ਮਿਰਜ਼ਾਪੁਰ ਪੁੱਜੇ ਅਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੁਲਾਕਾਤ ਕਰਦਿਆਂ ਪਿੰਡ ਦੇ ਪਤਵੰਤਿਆਂ ਸਾਬਕਾ ਸਰਪੰਚ ਦਿਲਾ ਰਾਮ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਰਪੰਚ ਹੁਸਨ ਚੰਦ, ਕੁਲਦੀਪ ਸਿੰਘ, ਸਾਬਕਾ ਪੰਚ ਸ਼ੰਕਰ ਅਤੇ ਕਪਿਲ ਦੇਵ ਨੇ ਮਸਲੇ ਸਬੰਧੀ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਰਸਤਾ ਸਦੀਆਂ ਪੁਰਾਣਾ ਹੈ ਅਤੇ ਉਹ ਪੁਰਖਿਆਂ ਤੋਂ ਇਸ ਰਸਤੇ ਰਾਹੀਂ ਹੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਬਰਸਾਤ ਵਿੱਚ ਰਸਤਾ ਖਰਾਬ ਹੋਣ ਕਾਰਨ ਉਨ੍ਹਾਂ ਵੱਲੋਂ ਰਸਤੇ ਨੂੰ ਠੀਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਕੁਝ ਅਰਸਾ ਪਹਿਲਾਂ ਪਿੰਡ ਵਾਸੀਆਂ ਨੇ ਰਸਤਾ ਠੀਕ ਕਰਕੇ ਆਉਣ ਜਾਣ ਦੇ ਯੋਗ ਬਣਾਇਆ ਹੈ। ਦਿਲਾ ਰਾਮ ਤੇ ਹੋਰਨਾਂ ਨੇ ਦੱਸਿਆ ਕਿ ਇਹ ਰਸਤਾ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਜਾਂਦਾ ਹੈ ਅਤੇ ਇਸ ਜ਼ਮੀਨ ਦਾ ਜੰਗਲਾਤ ਵਿਭਾਗ ਜਾਂ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਜੰਗਲਾਤ ਵਿਭਾਗ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਰਸਤੇ ਨੂੰ ਬੰਦ ਕਰਨ ਲਈ ਪਿੰਡ ਵਾਸੀਆਂ ਨੂੰ ਝਕਾਨੀ ਦੇ ਕੇ ਰਾਤ ਸਮੇਂ ਦਰਖ਼ਤ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਦੀ ਇਸ ਕਾਰਵਾਈ ਦੀ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਦਾ ਦੌਰਾ ਕੀਤਾ। ਪਿੰਡ ਵਾਸੀਆਂ ਨੇ ਸ੍ਰੀ ਕੰਗ ਨੂੰ ਰਸਤਾ ਦਿਖਾਉਂਦਿਆਂ ਮਸਲੇ ਸਬੰਧੀ ਜਾਣੂ ਕਰਵਾਇਆ। ਸ੍ਰੀ ਕੰਗ ਨੇ ਇਹ ਮਸਲਾ ਪੰਜਾਬ ਸਰਕਾਰ ਕੋਲ ਉਭਾਰਨ ਦਾ ਭਰੋਸਾ ਦਿੱਤਾ।
ਜੰਗਲਾਤ ਅਧਿਕਾਰੀਆਂ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਪੰਜਾਬ ਦੇ ਚੀਫ਼ ਕੰਜ਼ਰਵੇਟਿਵ ਆਫ਼ ਫੌਰੈਸਟ (ਸੀਸੀਐੱਫ) ਮਹਾਂਵੀਰ ਸਿੰਘ, ਕੰਜ਼ਰਵੇਟਿਵ ਆਫ਼ ਫੌਰੈਸਟ (ਸੀਐੱਫ) ਸ੍ਰੀ ਚੌਹਾਨ, ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮਸਲੇ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਪਿੰਡ ਵਾਸੀਆਂ ਦਾ ਪੱਖ ਜਾਣਿਆ ਅਤੇ ਸਮੱਸਿਆ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।