ਆਤਿਸ਼ ਗੁਪਤਾ
ਚੰਡੀਗੜ੍ਹ, 5 ਅਗਸਤ
ਚੰਡੀਗੜ੍ਹ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਪਾਰਟੀ ਦੀ ਸਥਾਨਕ ਇਕਾਈ ਦੀ ਨਵੀਂ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਇਕਾਈ ਦੇ ਪ੍ਰਧਾਨ ਸੁਭਾਸ਼ ਚਾਵਲਾ ਦੀ ਅਗਵਾਈ ਹੇਠ ਸੈਕਟਰ-35 ਸਥਿਤ ਕਾਂਗਰਸ ਭਵਨ ਵਿੱਚ ਹੋਈ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਦੀਆਂ ਬਾਗੀ ਸੁਰਾਂ ਬਾਰੇ ਚਰਚਾ ਹੁੰਦੀ ਰਹੀ। ਸੱਦਾ ਦਿੱਤੇ ਜਾਣ ਦੇ ਬਾਵਜੂਦ ਸਾਬਕਾ ਪ੍ਰਧਾਨ ਅਤੇ ਕਾਜਕਾਰਨੀ ਦੇ ਮੈਂਬਰ ਪ੍ਰਦੀਪ ਛਾਬੜਾ ਮੀਟਿੰਗ ’ਚੋਂ ਗੈਰ-ਹਾਜ਼ਰ ਰਹੇ। ਇਸ ਮੌਕੇ ਸ੍ਰੀ ਬਾਂਸਲ ਅਤੇ ਸ੍ਰੀ ਚਾਲਵਾ ਨੇ ਛਾਬੜਾ ਦੀਆਂ ਗਤੀਵੀਧੀਆਂ ਦੀ ਆਲੋਚਨਾ ਕੀਤੀ। ਵੱਖ-ਵੱਖ ਕਾਂਗਰਸੀ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਦੇ ਨਾਲ ਹੀ ਬਿਨਾ ਕਿਸੇ ਦਾ ਨਾਮ ਲਏ ਪਾਰਟੀ ਵਿਰੋਧੀ ਕਾਰਵਾਈ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਵੀ ਉੱਠੀ। ਇਸ ਦੌਰਾਨ ਸਾਂਝਾ ਫ਼ੈਸਲਾ ਲਿਆ ਗਿਆ ਕਿ ਛਾਬੜਾ ਦੀ ਬਿਆਨਬਾਜ਼ੀ ਆਗਾਮੀ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਸਾਬਕਾ ਪ੍ਰਧਾਨ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ।
ਸ੍ਰੀ ਬਾਂਸਲ ਅਤੇ ਸ੍ਰੀ ਚਾਵਲਾ ਨੇ ਕਾਰਜਕਾਰਨੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਕੰਮ ਕਰਨ ਵਾਲੇ ਅਤੇ ਹਰ ਵਰਗ ਨਾਲ ਸਬੰਧਤ ਵਰਕਰਾਂ ਨੂੰ ਬਣਦਾ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਭਾਜਪਾ ਦੀਆਂ ਗ਼ਲਤੀਆਂ ਸਦਕਾ ਅੱਜ ਪਾਣੀ ਅਤੇ ਘਰੋਂ ਕੂੜਾ ਚੁੱਕਣ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ।
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਐੱਚ.ਐੱਸ. ਲੱਕੀ ਨੇ ਦੱਸਿਆ ਕਿ ਕਾਰਜਕਾਰਨੀ ਦੀ ਮੀਟਿੰਗ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧਾਰਾ-144 ਲਗਾਏ ਜਾਣ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਕਾਂਗਰਸ ਦਾ ਵਫ਼ਦ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਪਾਣੀ ਅਤੇ ਕੂੜਾ ਚੁੱਕਣ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਅਪਾਰਟਮੈਂਟ ਐਕਟ ਲਾਗੂ ਕਰਨ ਅਪੀਲ ਵੀ ਕੀਤੀ।
ਮੈਨੂੰ ਪਾਰਟੀ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਪ੍ਰਦੀਪ
ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਕਾਂਗਰਸ ਵਿੱਚ ਚਮਚਿਆਂ ਦਾ ਬੋਲ ਬਾਲਾ ਰਹਿ ਗਿਆ ਹੈ। ਉਨ੍ਹਾਂ ਪਾਰਟੀ ਆਗੂਆਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸੱਚ ਬੋਲ ਰਹੇ ਹਨ ਅਤੇ ਪਾਰਟੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ।