ਹਰਦੇਵ ਚੌਹਾਨ
ਚੰਡੀਗੜ੍ਹ, 4 ਜਨਵਰੀ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ ਪ੍ਰੋ . ਭੁਪਿੰਦਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਤਰਕਸ਼ੀਲ ਆਗੂ ਰਾਜਪਾਲ ਸਿੰਘ ਦੀ ਨਵੀਂ ਕਿਤਾਬ ‘ਬਦਲਦੇ ਸੰਸਾਰ ਵਿਚ ਮਾਰਕਸਵਾਦ’ ਬਾਰੇ ਚਰਚਾ ਕਰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਮਾਰਕਸੀ ਲਹਿਰ ਦੇ ਸਾਥੀਆਂ ਲਈ ਅਡਵਾਈਜ਼ਰੀ ਹੈ। ਅਭੈ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਬੰਦੂਕ ਨਾਲ ਆਇਆ ਇਨਕਲਾਬ ਟਿਕਾਊ ਨਹੀਂ ਰਹਿ ਸਕਦਾ। ੲਸ ਮੌਕੇ ਸ਼ਬਦੀਸ਼, ਡਾ. ਕਾਂਤਾ, ਡਾ. ਲਾਭ ਸਿੰਘ ਖੀਵਾ, ਡਾ. ਰਾਬਿੰਦਰ ਨਾਥ ਸ਼ਰਮਾ, ਐੱਸਆਰ ਲੱਧੜ, ਪਰਮਿੰਦਰ ਸਿੰਘ ਗਿੱਲ, ਸੱਜਣ ਸਿੰਘ ਨੇ ਸੰਬੋਧਨ ਕੀਤਾ। ਇਸੇ ਦੌਰਾਨ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਪਰੇਡ ਦੇ ਸਮਰਥਨ ਸਬੰਧੀ ਵੀ ਮਤਾ ਪਾਸ ਕੀਤਾ ਗਿਆ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹਾ ਲਿਖਾਰੀ ਸਭਾ ਦੀ ਕਿਸਾਨ ਅੰਦੋਲਨ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਗਾਂਧੀ ਸਕੂਲ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਦੀ ਪ੍ਰਧਾਨਗੀ ਹੇਠ ਹੋਈ। ਸੁਰੇਸ਼ ਭਿਉਰਾ ਨੇ ਲੋਕਤੰਤਰੀ ਢਾਂਚੇ ਵਿੱਚ ਕਿਸਾਨੀ ਦੇ ਹੱਕਾਂ ਨੂੰ ਸੱਟ ਮਾਰਦੇ ਖੇਤੀ ਕਾਨੂੰਨਾਂ ਨੂੰ ਜਮਹੂਰੀਅਤ ਦਾ ਘਾਣ ਦੱਸਦਿਆਂ ਕਿਸਾਨੀ ਅੰਦੋਲਨ ਦਾ ਪੱਖ ਪੂਰਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅੱਜ ਦੇ ਸੰਦਰਭ ਵਿੱਚ ਹਾਕਮ ਧਿਰ ਨੂੰ ਸਮਝਣ ਤੇ ਅਮਲ ਕਰਨ ਦੀ ਜ਼ਰੂਰਤ ਹੈ। ਸਾਹਿਤਕ ਦੌਰ ਵਿੱਚ ਹਰਦੀਪ ਗਿੱਲ ਨੇ ਵਿਅੰਗਮਈ ਤੇ ਰੋਹ ਭਰੇ ਅੰਦਾਜ਼ ਵਿੱਚ ਗੀਤ ‘ਕਉਆ ਲੰਬੀ ਗਰਦਨ ਕਰਕੇ ਮੋਰ ਨਹੀਂ ਬਣ ਸਕਦਾ, ਮੋਦੀ ਦਾੜੀ ਰੱਖ ਕੇ ਟੈਗੋਰ ਨਹੀਂ ਬਣ ਸਕਦਾ’। ਕਾਮਰੇਡ ਗੁਰਨਾਮ ਸਿੰਘ ਨੇ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਬਾਰੇ ਵਾਰਤਾ ਸੁਣਾਈ। ਬਲਦੇਵ ਸਿੰਘ ਕੋਰੇ ਨੇ ਕਹਾਣੀ ਦੇਸੀ ਬਨਾਮ ਵਿਦੇਸ਼ੀ ਸੁਣਾਈ। ਕੁਲਵਿੰਦਰ ਖੈਰਾਬਾਦ, ਕੁਲਵਿੰਦਰ ਬੱਬੂ, ਮਾਸਟਰ ਈਸ਼ਰ ਸਿੰਘ, ਦਵਿੰਦਰ ਹੀਰ, ਸੁਰਜਨ ਸਿੰਘ, ਸੁਰੇਸ਼ ਭਿਉਰਾ, ਰਾਣਾ ਪ੍ਰਤਾਪ ਸਿੰਘ ਨੇ ਕਵਿਤਾਵਾਂ ਗੀਤਾਂ ਤੇ ਵਿਚਾਰਾਂ ਦੁਆਰਾ ਆਪਣੇ ਭਾਵ ਉਜਾਗਰ ਕਰਦਿਆਂ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਿਆ। ਕਿਸਾਨੀ ਅੰਦੋਲਨ ਬਾਰੇ ਮਤਾ ਵੀ ਪਾਇਆ ਗਿਆ।