ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਜੂਨ
ਮੁਹਾਲੀ ਵਿੱਚ ਕੂੜਾ ਪ੍ਰਬੰਧ ਨੂੰ ਲੈ ਕੇ ਮਾਮਲਾ ਕਾਫ਼ੀ ਭਖ ਗਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ 24 ਘੰਟਿਆਂ ਵਿੱਚ ਕੂੜੇ ਦਾ ਪ੍ਰਬੰਧ ਨਾ ਕੀਤਾ ਤਾਂ ਉਹ ਉਕਤ ਵਿਭਾਗਾਂ ਖ਼ਿਲਾਫ਼ ਧਰਨਾ ਦੇਣਗੇ। ਉਂਜ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਐਮਰਜੈਂਸੀ ਮੀਟਿੰਗ ਸੱਦਣ ਦੀ ਅਪੀਲ ਵੀ ਕੀਤੀ ਹੈ। ਅੱਜ ਇੱਥੋਂ ਦੇ ਫੇਜ਼-8 ਸਥਿਤ ਕਿਸਾਨ ਮੰਡੀ ਵਾਲੀ ਥਾਂ ਸਫ਼ਾਈ ਸੇਵਕਾਂ ਵੱਲੋਂ ਕੂੜੇ ਦੀਆਂ ਟਰਾਲੀਆਂ ਭਰ ਕੇ ਖੜੀਆਂ ਕੀਤੀਆਂ ਗਈਆਂ। ਡਿਪਟੀ ਮੇਅਰ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੂੜੇ ਨਾਲ ਭਰੀਆਂ ਟਰਾਲੀਆਂ ਖੜੀਆਂ ਹਨ ਕਿਉਂਕਿ ਉਨ੍ਹਾਂ ਨੂੰ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ਨਹੀਂ ਦਿੱਤਾ ਜਾ ਰਿਹਾ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ-ਵੱਖਰਾ ਨਾ ਕੀਤੇ ਜਾਣ ਗਾਈਡਲਾਈਨਜ਼ ਦੀ ਉਲੰਘਣਾ ਦੇ ਚੱਲਦਿਆਂ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੂੜਾ ਸੁੱਟਣਾ ਬੰਦ ਕਰਨਾ ਸੀ ਤਾਂ ਪਹਿਲਾਂ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਦਰਅਸਲ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਜਿਸ ਕਾਰਨ ਸ਼ਹਿਰ ਦਾ ਡੰਪਿੰਗ ਗਰਾਊਂਡ ਕੂੜੇ ਦੇ ਪਹਾੜ ਵਿੱਚ ਤਬਦੀਲ ਹੋ ਗਿਆ ਹੈ। ਇਸ ਨਾਲ ਸ਼ਰ੍ਹੇਆਮ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਦੇ ਹੱਲ ਲਈ ਗਮਾਡਾ ਨੂੰ ਨਵੇਂ ਸੈਕਟਰਾਂ ਅਤੇ ਪ੍ਰਾਈਵੇਟ ਕਲੋਨੀਆਂ ਦੇ ਕੂੜੇ ਲਈ ਵੱਖਰਾ ਪ੍ਰਬੰਧ ਕਰਨਾ ਚਾਹੀਦਾ ਹੈ।