ਪੱਤਰ ਪ੍ਰੇਰਕ
ਬਨੂੜ, 7 ਸਤੰਬਰ
ਦਰਜਨਾਂ ਪਿੰਡਾਂ ਨੂੰ ਮੁਹਾਲੀ ਦੀ ਏਅਰਪੋਰਟ ਰੋਡ ਨਾਲ ਜੋੜਨ ਵਾਲੀ ਤੰਗੌਰੀ-ਕੁਰੜਾ ਸੜਕ ਹੁਣ ਦਸ ਫ਼ੁੱਟ ਤੋਂ ਅਠਾਰਾਂ ਫੁੱਟ ਚੌੜੀ ਹੋ ਜਾਵੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੁਰੜਾ ਵਿਖੇ ਪੰਚਾਇਤ ਵੱਲੋਂ ਕਰਾਏ ਇੱਕ ਸਮਾਗਮ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੜਕ ਦੇ ਨਵੀਨੀਕਰਨ ਉੱਤੇ ਇੱਕ ਕਰੋੜ ਦੀ ਰਾਸ਼ੀ ਖਰਚ ਆਵੇਗੀ ਅਤੇ ਇਸ ਦਾ ਕੰਮ ਬਹੁਤ ਜਲਦੀ ਆਰੰਭ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਭਾਰੀ ਫ਼ਾਇਦਾ ਮਿਲੇਗਾ ਅਤੇ ਇਸ ਨਾਲ ਇਲਾਕੇ ਦੀ ਤਰੱਕੀ ਵੀ ਹੋਵੇਗੀ। ਸ੍ਰੀ ਸਿੱਧੂ ਪਿੰਡ ਕੁਰੜਾ ਵਿੱਚ ਬਾਜ਼ੀਗਰ ਬਸਤੀ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ 12 ਲੱਖ ਰੁਪਏ ਦੀ ਗਰਾਂਟ ਦਿੱਤੀ ਤੇ ਗਲੀਆਂ ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਪਿੰਡ ਕੁਰੜਾ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਦਿੱਤੀ।