ਪੱਤਰ ਪ੍ਰੇਰਕ
ਕੁਰਾਲੀ, 4 ਜਨਵਰੀ
ਇੱਥੋਂ ਨੇੜਲੇ ਪਿੰਡ ਤਿਊੜ ਦੇ ਨੌਜਵਾਨਾਂ ਵੱਲੋਂ ਅੱਜ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਮਬੰਦ ਕਰਨ ਦੇ ਮਨੋਰਥ ਨਾਲ ਇਲਾਕੇ ਦੇ ਪਿੰਡਾਂ ਵਿੱਚ ਕਿਸਾਨ ਚੇਤਨਾ ਮਾਰਚ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਇਲਾਕੇ ਦੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਕਿਸਾਨਾਂ ਦੀ ਹਮਾਇਤ ’ਚ ਅੱਗੇ ਆਉਣ ਦੀ ਅਪੀਲ ਕੀਤੀ।
ਪਿੰਡ ਬੜੌਦੀ ਦੇ ਟੌਲ ਪਲਾਜ਼ਾ ’ਤੇ ਮਨਦੀਪ ਸਿੰਘ ਖਿਜ਼ਰਾਬਾਦ ਸਾਬਕਾ ਵਾਈਸ ਚੇਅਰਮੈਨ ਬਲਾਕ ਸਮਿਤੀ ਮਾਜਰੀ, ਦਲਵਿੰਦਰ ਸਿੰਘ ਕਾਲਾ ਬੈਨੀਪਾਲ ਮੁੱਖ ਪ੍ਰਬੰਧਕ ਲੋਕ ਹਿੱਤ ਮਿਸ਼ਨ, ਜੱਗੀ ਕਾਦੀਮਾਜਰਾ ਕਿਸਾਨ ਆਗੂ, ਰਵਿੰਦਰ ਸਿੰਘ ਬੈਂਸ ਸੀਨੀਅਰ ਯੂਥ ਆਗੂ ਅਤੇ ਹਰਜੀਤ ਸਿੰਘ ਪੱਪੀ ਸਰਪੰਚ ਢਕੋਰਾਂ ਨੇ ਆਪਣੇ ਸਾਥੀਆਂ ਸਮੇਤ ਇਸ ਮਾਰਚ ਦਾ ਸਵਾਗਤ ਕੀਤਾ। ਆਗੂਆਂ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂ ਕਿਸਾਨਾਂ ਦਾ ਹਿਤੈਸ਼ੀ ਦੱਸ ਰਹੇ ਹਨ, ਉਸ ਨੂੰ ਕਿਸਾਨ ਵਰਗ ਬੁਰੀ ਤਰ੍ਹਾਂ ਨਕਾਰ ਚੁੱਕਾ ਹੈ, ਪ੍ਰੰਤੂ ਫੇਰ ਵੀ ਕੁਝ ਗਿਣੇ ਚੁਣੇ ਘਰਾਣਿਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਲੱਖਾਂ ਕਿਸਾਨਾਂ ਨੂੰ ਅਣਗੌਲਿਆ ਕਰ ਰਹੇ ਹਨ।
ਦਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਬੜੌਦੀ ਟੌਲ ਪਲਾਜ਼ਾ ਦੇ ਲੋਕ ਹਿੱਤ ਮਿਸ਼ਨ ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਨਾਲ ਹੀ ਮਿਸ਼ਨ ਦੇ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਵਜੀਦਪੁਰ ਦੀ ਅਗਵਾਈ ਹੇਠ ਨਵੀਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਦਿੱਤਾ ਜਾ ਰਿਹਾ ਹੈ।
ਅੱਜ ਪਿੰਡ ਤਿਊੜ ਤੋਂ ਕੱਢੇ ਗਏ ਇਸ ਕਿਸਾਨ ਜਾਗਰੂਕਤਾ ਮਾਰਚ ਵਿੱਚ ਬਲਵੀਰ ਸਿੰਘ ਸਰਪੰਚ, ਜਸਕਰਨ ਸਿੰਘ ਪ੍ਰਧਾਨ, ਸੁੱਚਾ ਸਿੰਘ, ਜਸਪਾਲ ਸਿੰਘ, ਬਲਜਿੰਦਰ ਸਿੰਘ, ਸੋਹਣ ਸਿੰਘ, ਭੁਪਿੰਦਰ ਸਿੰਘ, ਰੂਪ ਸਿੰਘ, ਹਰਬੰਸ ਸਿੰਘ, ਅੰਮ੍ਰਿਤ ਕੌਰ, ਕਰਮਜੀਤ ਕੌਰ, ਨਵਜੋਤ ਕੌਰ, ਜਸ਼ਨਪ੍ਰੀਤ ਕੌਰ, ਰੁਪਿੰਦਰ ਸਿੰਘ ਨਵਜੋਧ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਸ਼ਾਮਿਲ ਸਨ। ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ-ਬਾੜੀ ਨਾਲ ਸਬੰਧਤ ਕਾਨੂੰਨ ਰੱਦ ਕੀਤੇ ਜਾਣ।
ਸਿੰਘੂ ਬਾਰਡਰ ’ਤੇ ਭੇਜਿਆ ਲੱਕੜਾਂ ਤੇ ਤਰਪਾਲਾਂ ਦਾ ਟਰੱਕ
ਚੰਡੀਗੜ੍ਹ (ਪੱਤਰ ਪ੍ਰੇਰਕ): ਦਿੱਲੀ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਲਗੀਧਰ ਖੇੜੀ ਸੈਕਟਰ 20 ਚੰਡੀਗੜ੍ਹ ਵੱਲੋਂ ਵੀ ਲੱਕੜਾਂ ਅਤੇ ਬਾਰਿਸ਼ ਤੋਂ ਬਚਾਅ ਲਈ ਤਰਪਾਲਾਂ ਦੀ ਸੇਵਾ ਕੀਤੀ ਜਾ ਰਹੀ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਇੰਦਰਬੀਰ ਸਿੰਘ ਹੈਪੀ ਅਤੇ ਹੁਕਮ ਸਿੰਘ ਨੇ ਦੱਸਿਆ ਕਿ ਸਮਾਜ ਸੇਵੀ ਦਰਸ਼ਨ ਸਿੰਘ ਕਲੇਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਲੱਕੜਾਂ ਦਾ ਭਰਿਆ ਟਰੱਕ ਅਤੇ 1.30 ਲੱਖ ਰੁਪਏ ਦੀ ਕੀਮਤ ਦੀਆਂ ਤਰਪਾਲਾਂ ਸਿੰਘੂ ਬਾਰਡਰ ’ਤੇ ਭੇਜੀਆਂ ਗਈਆਂ। ਇਸ ਮੌਕੇ ਮਹਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਹਰਮੀਤ ਸਿੰਘ ਵੀ ਮੌਜੂਦ ਸਨ।