ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਫਰਵਰੀ
ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਲੰਮੇ ਵਕਫੇ ਮਗਰੋਂ ਅੱਜ ਸਾਰੀਆਂ ਜਮਾਤਾਂ ਲਈ ਖੁੱਲ੍ਹੇ। ਇਹ ਸਕੂਲ ਕਰੋਨਾ ਦੇ ਕੇਸ ਲਗਾਤਾਰ ਵਧਣ ਕਾਰਨ ਬੰਦ ਹੋ ਗਏ ਸਨ। ਇਸ ਤੋਂ ਪਹਿਲਾਂ ਪਹਿਲੀ ਫਰਵਰੀ ਨੂੰ ਦਸਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਖੋਲ੍ਹ ਦਿੱਤੇ ਗਏ ਸਨ ਤੇ ਅੱਜ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਸੱਦੇ ਗਏ। ਇਸ ਦੌਰਾਨ ਸਰਕਾਰੀ ਸਕੂਲਾਂ ਵਿਚ 14.61 ਫੀਸਦੀ ਵਿਦਿਆਰਥੀ ਸਕੂਲ ਪੁੱਜੇ। ਸਰਕਾਰੀ ਸਕੂਲਾਂ ਦੀਆਂ ਛੋਟੀਆਂ ਜਮਾਤਾਂ ਵਿਚ ਗਿਣਤੀ ਦੇ ਹੀ ਵਿਦਿਆਰਥੀ ਪੁੱਜੇ ਪਰ ਸਕੂਲ ਮੁਖੀਆਂ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਵਿਚ ਵਿਦਿਆਰਥੀਆਂ ਦੀ ਦਰ ਵਧੇਗੀ। ਚੰਡੀਗੜ੍ਹ ਵਿਚ ਸਕੂਲ ਭਾਵੇਂ ਖੁੱਲ੍ਹ ਗਏ ਹਨ ਪਰ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਵੀ ਜਾਰੀ ਹੈ ਜਿਸ ਕਾਰਨ ਅੱਜ ਘੱਟ ਗਿਣਤੀ ਵਿਚ ਵਿਦਿਆਰਥੀ ਸਕੂਲ ਪੁੱਜੇ। ਇਹ ਵੀ ਪਤਾ ਲੱਗਾ ਹੈ ਕਿ ਪੈਰੀਫੇਰੀ, ਕਲੋਨੀਆਂ ਤੇ ਪਿੰਡਾਂ ਵਿਚਲੇ ਸਕੂਲਾਂ ਵਿਚ ਵਿਦਿਆਰਥੀ ਦੀ ਹਾਜ਼ਰੀ ਵੱਧ ਰਹੀ ਜਦਕਿ ਸੈਕਟਰ ਅੰਦਰਲੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ। ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਮੰਗੀ ਸੀ ਤੇ ਅੱਜ ਸਹਿਮਤੀ ਦੇਣ ਵਾਲੇ ਮਾਪਿਆਂ ਦੇ ਬੱਚੇ ਹੀ ਸਕੂਲ ਆਏ ਸਨ।
ਡੇਢ ਲੱਖ ਵਿਦਿਆਰਥੀਆਂ ’ਚੋਂ 22 ਹਜ਼ਾਰ ਆਏ ਸਕੂਲ
ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤ ਦੇ 7233 ਵਿਚੋਂ 476 ਬੱਚੇ ਸਕੂਲ ਆਏ, ਜਦਕਿ ਪਹਿਲੀ ਦੇ 8752 ਵਿਚੋਂ 749, ਦੂਜੀ ਦੇ 8821 ਵਿਚੋਂ 818, ਤੀਜੀ ਦੇ 10321 ਵਿਚੋਂ 1157, ਚੌਥੀ ਦੇ 10715 ਵਿਚੋਂ 1274, ਪੰਜਵੀਂ ਦੇ 12466 ਵਿਚੋਂ 1411, ਛੇਵੀਂ ਦੇ 12128 ਵਿਚੋਂ 1423, ਸੱਤਵੀਂ ਦੇ 12680 ਵਿਚੋਂ 1238, ਅੱਠਵੀਂ ਦੇ 13940 ਵਿਚੋਂ 1292, ਨੌਵੀਂ ਦੇ 14080 ਵਿਚੋਂ 1482, ਦਸਵੀਂ ਦੇ 13320 ਵਿਚੋਂ 3963, ਗਿਆਰ੍ਹਵੀਂ ਦੇ 14274 ਵਿਚੋਂ 4408, ਬਾਰ੍ਹਵੀਂ ਜਮਾਤ ਦੇ 12379 ਵਿਚੋਂ 2389 ਵਿਦਿਆਰਥੀ ਸਕੂਲ ਆਏ।
ਕਈ ਪ੍ਰਾਈਵੇਟ ਸਕੂਲ ਅਗਲੇ ਹਫਤੇ ਤੋਂ ਵਿਦਿਆਰਥੀ ਸੱਦਣਗੇ
ਭਵਨ ਵਿਦਿਆਲਿਆ ਸਕੂਲ ਸੈਕਟਰ-27 ਤੇ 33 ਦੇ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਕੂਲ ਆਉਣ ਦੀ ਦਰ 10 ਤੋਂ 15 ਫੀਸਦੀ ਸੀ ਜਦਕਿ ਹੋਰ ਪ੍ਰਾਈਵੇਟ ਸਕੂਲਾਂ ਵਿਚ ਦਰ 25 ਤੋਂ 40 ਫੀਸਦੀ ਤਕ ਰਹੀ। ਸਟਰਾਅਬੇਰੀ ਫੀਲਡਜ਼ ਸਕੂਲ ਦੇ ਡਾਇਰੈਕਟਰ ਅਤੁਲ ਖੰਨਾ ਨੇ ਦੱਸਿਆ ਕਿ ਹਾਲੇ ਆਨਲਾਈਨ ਜਮਾਤਾਂ ਚੱਲ ਰਹੀਆਂ ਹਨ ਤੇ ਵਿਦਿਆਰਥੀਆਂ ਨੂੰ 17 ਫਰਵਰੀ ਤੋਂ ਸਕੂਲ ਸੱਦਿਆ ਜਾਵੇਗਾ। ਸਿਰਫ ਸੇਂਟ ਜੌਹਨਜ਼ ਸਕੂਲ ਸੈਕਟਰ-26 ਦੇ ਪ੍ਰਿੰਸੀਪਲ ਕਵਿਤਾ ਦਾਸ ਨੇ ਦੱਸਿਆ ਕਿਅਗਲੇ ਹਫਤੇ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾਵੇਗਾ।