ਆਤਿਸ਼ ਗੁਪਤਾ
ਚੰਡੀਗੜ੍ਹ, 18 ਜਨਵਰੀ
ਚੰਡੀਗੜ੍ਹ ਦੇ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਬਰਫ਼ਬਾਰੀ ਤੋਂ ਬਾਅਦ ਚੱਲ ਰਹੀ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਘਟਾ ਦਿੱਤੀ ਹੈ। ਲੋਕ ਠੰਢ ਕਰਕੇ ਘਰਾਂ ’ਚ ਰਹਿਣ ਲਈ ਮਜਬੂਰ ਹਨ। ਅੱਜ ਸ਼ਹਿਰ ’ਚ ਦਿਨ ਦਾ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਰਹਿਣ ਕਾਰਨ ਅੱਜ ਚੰਡੀਗੜ੍ਹ ਸ਼ਿਮਲਾ ਨਾਲੋਂ ਵੱਧ ਠੰਢਾ ਰਿਹਾ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟੇ ਹੋਰ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਕਿ ਅਗਲੇ 4 ਦਿਨ ਕਿਣਮਿਣ ਤੇ ਠੰਢੀਆਂ ਹਵਾਵਾਂ ਚੱਲਣ ਦੇ ਆਸਾਰ ਹਨ। ਚੰਡੀਗੜ੍ਹ ਦੇ ਨਾਲ ਲੱਗਦੇ ਸ਼ਿਮਲਾ, ਕੁਫ਼ਰੀ, ਕੁੱਲੂ-ਮਨਾਲੀ ਅਤੇ ਹੋਰਨਾਂ ਇਲਾਕਿਆਂ ਵਿੱਚ ਪਈ ਭਾਰੀ ਬਰਫ਼ਬਾਰੀ ਕਰਕੇ ਚੰਡੀਗੜ੍ਹ ਵਿੱਚ ਕੁਝ ਦਿਨਾਂ ਤੋਂ ਠੰਢ ਵੱਧ ਗਈ ਹੈ। ਜਿੱਥੇ ਹਿਮਾਚਲ ਪ੍ਰਦੇਸ਼ ਦੀ ਸੀਤ ਹਵਾਵਾਂ ਨੇ ਲੋਕਾਂ ਨੂੰ ਘਰ ਵਾੜ ਦਿੱਤਾ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਸੀ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 15.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਆਮ ਨਾਲੋਂ ਵੱਧ ਹੈ। ਠੰਢ ਕਾਰਨ ਸ਼ਹਿਰ ਦੀਆਂ ਸੜਕਾਂ ਦਿਨ ਭਰ ਸੁੰਨਸਾਨ ਦਿਖਾਈ ਦਿੱਤੀਆ। ਇੱਕਾ-ਦੁੱਕਾ ਲੋਕ ਹੀ ਘਰੋਂ ਬਾਹਰ ਨਿਕਲੇ ਹੋਏ ਦਿਖਾਈ ਦਿੱਤੇ। ਇੰਨਾ ਹੀ ਨਹੀਂ ਸ਼ਹਿਰ ਦੀਆਂ ਮੁੱਖ ਮਾਰਕੀਟਾਂ ’ਚ ਵੀ ਠੰਢ ਦਾ ਅਸਰ ਦੇਖਣ ਨੂੰ ਮਿਲਿਆ। ਦੂਜੇ ਪਾਸੇ ਰੋਜ਼ਾਨਾ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਠੰਢ ਦੇ ਬਾਵਜੂਦ ਕੰਮ ’ਤੇ ਜਾਂਦੇ ਦਿਖਾਈ ਦਿੱਤੇ।