ਪੱਤਰ ਪ੍ਰੇਰਕ
ਕੁਰਾਲੀ, 3 ਫਰਵਰੀ
ਕੁਝ ਦਿਨਾਂ ਦੀ ਮਾਸੂਮ ਬੱਚੀ ਨੂੰ ਪਿੰਡ ਪਡਿਆਲਾ ਦੇ ‘ਪੰਘੂੜੇ’ ਨੇ ਨਵੀਂ ਜ਼ਿੰਦਗੀ ਦਿੱਤੀ ਹੈ। ਕੁਝ ਦਿਨਾਂ ਦੀ ਇਹ ਨਵ-ਜਨਮੀ ਬੱਚੀ ਪ੍ਰਭ ਆਸਰਾ ਸੰਸਥਾ ਦੇ ਬਾਹਰ ਲਗਾਏ ਪੰਘੂੜੇ ਵਿਚੋਂ ਮਿਲੀ ਹੈ। ਡਾਕਟਰੀ ਜਾਂਚ ਉਪਰੰਤ ਸੰਸਥਾ ਵਿੱਚ ਬੱਚੀ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਬੰਧਕਾਂ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਰਜਿੰਦਰ ਕੌਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਪੌਣੇ ਗਿਆਰਾਂ ਵਜੇ ਸੰਸਥਾ ਦੇ ਬਾਹਰ ਲਗਾਏ ਪੰਘੂੜੇ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਆਈ। ਉਨ੍ਹਾਂ ਦੱਸਿਆ ਕਿ ਜਦੋਂ ਡਿਊਟੀ ਕਰ ਰਹੇ ਗੇਟਮੈਨ ਨੇ ਜਾ ਕੇ ਦੇਖਿਆ ਤਾਂ ਸੰਸਥਾ ਦੇ ਗੇਟ ’ਤੇ ਲਗਾਏ ਪੰਘੂੜੇ ਵਿੱਚ ਮਾਸੂਮ ਬੱਚਾ ਰੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਨੂੰ ਪੰਘੂੜੇ ਵਿਚੋਂ ਕੱਢ ਦੇ ਦੇਖਿਆ ਗਿਆ ਉਹ ਲੜਕੀ ਨਿਕਲੀ ਜੋ ਕਿ ਭੁੱਖ ਅਤੇ ਠੰਢ ਕਾਰਨ ਰੋ ਰਹੀ ਸੀ। ਇਸੇ ਦੌਰਾਨ ਬੱਚੀ ਦੀ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਬੱਚਿਆਂ ਦੇ ਮਾਹਿਰ ਡਾਕਟਰਾਂ ਕੋਲੋਂ ਸਿਹਤ ਜਾਂਚ ਕਰਵਾਈ ਗਈ ਅਤੇ ਬੱਚੀ ਤੰਦਰੁਸਤ ਪਾਈ ਗਈ। ਡਾਕਟਰਾਂ ਅਨੁਸਾਰ 7 ਤੋਂ 10 ਦਿਨਾਂ ਦੀ ਹੈ। ਸ਼ਮਸ਼ੇਰ ਸਿੰਘ ਪਡਿਆਲਾ ਨੇ ਬੱਚੀ ਦੇ ਸੰਸਥਾ ’ਚ ਪੁੱਜਣ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦਾ ਨਾਂ ਸੰਸਥਾ ਵਲੋਂ ਸ਼ੁਭਰੀਤ ਕੌਰ ਰੱਖਿਆ ਗਿਆ ਹੈ।