ਸਰਬਜੀਤ ਸਿੰਘ ਭੱਟੀ
ਲਾਲੜੂ, 8 ਸਤੰਬਰ
ਲਾਲੜੂ ਨਗਰ ਕੌਂਸਲ ਅਧੀਨ ਦੋ ਗਊਸ਼ਲਾਵਾਂ ਹੋਣ ਦੇ ਬਾਵਜੂਦ ਵੀ ਸ਼ਹਿਰ ਅੰਦਰ ਘੁੰਮਦੇ ਸੈਂਕੜੇ ਲਾਵਾਰਿਸ ਪਸ਼ੂਆਂ ਦੇ ਝੁੰਡ ਆਮ ਲੋਕਾਂ, ਦੁਕਾਨਦਾਰਾਂ, ਕਿਸਾਨਾਂ ਤੇ ਰਾਹਗੀਰਾ ਲਈ ਸਿਰਦਰਦੀ ਬਣੇ ਹੋਏ ਹਨ। ਲਾਵਾਰਿਸ ਪਸ਼ੂਆਂ ਕਾਰਨ ਵਾਪਰਦੇ ਹਾਦਸਿਆਂ ’ਚ ਲੋਕਾਂ ਦੀਆਂ ਜਾਨਾਂ ਰਹੀਆਂ ਹਨ ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਲੋਕ ਕਾਫੀ ਸਮੇਂ ਤੋਂ ਉਕਤ ਸਮੱਸਿਆ ਨੂੰ ਲੈ ਕੇ ਕੌਂਸਲ ਅਧਿਕਾਰੀਆਂ ਸਣੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਫਰਿਆਦ ਕਰ ਚੁੱਕੇ ਹਨ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੌਂਸਲ ਦੀ ਲੱਗਪਗ 25 ਏਕੜ ਜ਼ਮੀਨ ’ਤੇ ਪਿੰਡ ਮਗਰਾ ਵਿੱਚ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਬਣਾਈ ਹੈ ਪਰ ਉਸ ਦੇ ਪ੍ਰਬੰਧਕਾਂ ਵੱਲੋਂ ਲਾਵਾਰਿਸ ਪਸ਼ੂਆਂ ਵੱਲ ਧਿਆਨ ਨਾ ਦੇ ਕੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਕੰਮ ਕਰ ਰਹੇ ਹਨ। ਕੌਂਸਲ ਦੀ ਜ਼ਮੀਨ ਵਿੱਚ ਇੱਕ ਹੋਰ ਗੋਪਾਲਾ ਗਊਸ਼ਾਲਾ ਹੈ, ਜਿਸ ਦਾ ਪ੍ਰਬੰਧ ਬਹਾਵਲਪੁਰੀ ਭਾਈਚਾਰੇ ਕੋਲ ਹੈ। ਉਹ ਵੀ ਕਥਿਤ ਤੌਰ ’ਤੇ ਕੇਵਲ ਦੁੱਧ ਦੇਣ ਵਾਲੀ ਗਾਵਾਂ ਹੀ ਰੱਖਦੇ ਹਨ। ਲਾਵਾਰਿਸ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ ਤੇ ਗਲੀਆਂ, ਬਾਜ਼ਾਰਾਂ ਵਿੱਚ ਦੁਕਾਨਦਾਰਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾ ਨੂੰ ਜ਼ਖ਼ਮੀ ਕਰਨ ਤੋਂ ਇਲਾਵਾ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਵਾਹਨ ਚਾਲਕਾਂ ਦੀ ਜਾਨ ਦਾ ਖ਼ਤਰਾ ਬਣ ਰਹੇੇ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਪਟਿਆਲੇ ਤੋਂ ਗੱਡੀ ਅਤੇ ਟੀਮ ਬੁਲਾਈ ਜਾ ਰਹੀ ਹੈ ਅਤੇ ਜਲਦੀ ਹੀ ਸ਼ਹਿਰ ’ਚ ਫਿਰਦੇ ਪਸ਼ੂਆਂ ਨੂੰ ਫੜ੍ਹ ਕੇ ਗਉਸ਼ਾਲਾ ਵਿੱਚ ਭੇਜ ਦਿੱਤਾ ਜਾਵੇਗਾ।