ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਅਗਸਤ
ਇੱਥੋਂ ਦੇ ਫੇਜ਼-5 ਸਥਿਤ ਸਰਕਾਰੀ ਡਿਸਪੈਂਸਰੀ (ਧਰਾਨਾ ਭਵਨ) ਦੇ ਸਾਹਮਣੇ ਵਾਲੇ ਰਿਹਾਇਸ਼ੀ ਪਾਰਕ ਵਿੱਚ ਕਿਸੇ ਨੇ ਹਰੇ-ਭਰੇ ਦਰੱਖਤ ਕੱਟ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਸ਼ਹਿਰ ਵਾਸੀ ਉਕਤ ਪਾਰਕ ਵਿੱਚ ਸੈਰ ਕਰਨ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਪਾਰਕ ਵਿੱਚ ਲੱਗੇ ਹਰੇ-ਭਰੇ ਦਰੱਖਤਾਂ ’ਤੇ ਕੁਹਾੜਾ ਚਲਾਇਆ ਗਿਆ ਹੈ ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਨ੍ਹਾਂ ’ਚੋਂ ਕੁੱਝ ਦਰੱਖਤ ਜੜ੍ਹ ਤੋਂ ਕੱਟ ਕੇ ਉੱਥੇ ਮਿੱਟੀ ਪਾ ਦਿੱਤੀ ਗਈ ਹੈ ਜਦੋਂਕਿ ਇੱਕ-ਦੋ ਥਾਵਾਂ ’ਤੇ ਨਵੇਂ ਬੂਟੇ ਲਗਾ ਦਿੱਤੇ ਗਏ ਹਨ। ਖੁਸ਼ਬੀਰ ਸਿੰਘ ਅਤੇ ਇੰਦਰਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਾਰਕ ’ਚੋਂ ਦਰੱਖਤ ਕੱਟੇ ਜਾਣ ਸਬੰਧੀ ਸਫ਼ਾਈ ਕਰਨ ਵਾਲਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਗਈ ਹੈ ਅਤੇ ਦਰੱਖਤ ਕੱਟਣ ਵਾਲੇ ਵੱਡੇ ਤਣੇ ਤੇ ਟਾਹਣੇ ਵੀ ਗੱਡੀ ਵਿੱਚ ਭਰ ਕੇ ਲੈ ਗਏ ਹਨ। ਉੱਧਰ, ਨਿਗਮ ਅਧਿਕਾਰੀ ਅਜਿਹੀ ਕਿਸੇ ਵੀ ਕਾਰਵਾਈ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਮੁਹਾਲੀ ਐਨਵਾਇਰਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਆਰ.ਐੱਸ. ਬੈਦਵਾਨ ਅਤੇ ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਮੌਜੇਵਾਲ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਅਰੁਣ ਸ਼ਰਮਾ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਆਨੇ-ਬਹਾਨੇ ਹਰੇ-ਭਰੇ ਦਰੱਖਤਾਂ ਨੂੰ ਕੱਟ ਰਹੇ ਹਨ ਜੋ ਕਿ ਵਾਤਾਵਰਨ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਹਰੇ-ਭਰੇ ਦਰੱਖਤਾਂ ’ਤੇ ਕੁਹਾੜਾ ਚਲਾਉਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਦਰੱਖਤ ਕੱਟਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਏਗਾ ਨਿਗਮ: ਕਮਿਸ਼ਨਰ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪ੍ਰੰਤੂ ਜਿਸ ਕਿਸੇ ਨੇ ਪਾਰਕ ’ਚੋਂ ਹਰੇ-ਭਰੇ ਦਰੱਖਤ ਕੱਟੇ ਹਨ, ਇਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਰਿਹਾਇਸ਼ੀ ਪਾਰਕ ਵਿੱਚ ਹਰੇ-ਭਰੇ ਵੱਡੇ ਰੁੱਖ ਕੱਟਣ ਵਾਲਿਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਵਾਉਣ ਲਈ ਪੁਲੀਸ ਨੂੰ ਲਿਖਿਆ ਜਾਵੇਗਾ।