ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 26 ਸਤੰਬਰ
ਮੁਹਾਲੀ ਨਗਰ ਨਿਗਮ ਵੱਲੋਂ ਡੰਪਿੰਗ ਗਰਾਊਂਡ ਦੀ ਸਵਾ ਤਿੰਨ ਏਕੜ ਜ਼ਮੀਨ ’ਤੇ ਡੇਅਰੀ ਫਾਰਮ ਬਣਾਉਣ ਦਾ ਮਾਮਲਾ ਭੱਖ ਗਿਆ ਹੈ। ਵਿਰੋਧੀ ਧਿਰ ਨੇ ਨਿਗਮ ਦੇ ਇਸ ਪ੍ਰਸਤਾਵ ’ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਗਮਾਡਾ ਨੇ ਜਿਸ ਮੰਤਵ ਲਈ ਇਹ ਜ਼ਮੀਨ ਨਗਰ ਨਿਗਮ ਨੂੰ ਦਿੱਤੀ ਹੈ, ਇਸ ਨੂੰ ਉਸੇ ਮਕਸਦ ਲਈ ਵਰਤਿਆ ਜਾਵੇ।
ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਕੁੱਝ ਵਿਅਕਤੀਆਂ ਨੇ ਪਸ਼ੂ ਰੱਖੇ ਹੋਏ ਹਨ ਪਰ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਪਸ਼ੂਆਂ ਨੂੰ ਸ਼ਹਿਰ ਦੀ ਹੱਦ ’ਚੋਂ ਬਾਹਰ ਕੱਢਣ ਲਈ ਇੱਥੋਂ ਦੇ ਸਨਅਤੀ ਖੇਤਰ ਫੇਜ਼-8ਏ ਵਿਚ ਸਥਿਤ ਡੰਪਿੰਗ ਗਰਾਊਂਡ ਦੀ 13.30 ਏਕੜ ’ਚੋਂ ਸੈਕਟਰ-74 ਤੇ ਸੈਕਟਰ-91 ਵਿੱਚ ਆਉਂਦੀ 3.54 ਏਕੜ ਜ਼ਮੀਨ ਵਿੱਚ ਡੇਅਰੀ ਫਾਰਮਿੰਗ ਸ਼ੈੱਡ ਪਸ਼ੂ ਪਾਲਕਾਂ ਨੂੰ ਲੀਜ਼ ’ਤੇ ਦਿੱਤੇ ਜਾਣਗੇ। ਇਸ ਸਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ 28 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਮਤਾ ਲਿਆਂਦਾ ਜਾ ਰਿਹਾ ਹੈ, ਜਿਸ ਦਾ ਸਖ਼ਤ ਵਿਰੋਧ ਕਰਦਿਆਂ ਵਿਰੋਧੀ ਧਿਰ ਆਜ਼ਾਦ ਗਰੁੱਪ ਦੇ ਆਗੂਆਂ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ ਸੈਣੀ ਅਤੇ ਅਰੁਣਾ ਵਸ਼ਿਸ਼ਟ ਨੇ ਕਿਹਾ ਕਿ ਉਹ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮਿੰਗ ਲਈ ਸ਼ੈੱਡ ਜਾਂ ਪਲਾਟ ਦੇਣ ਦੇ ਖ਼ਿਲਾਫ਼ ਨਹੀਂ ਹਨ ਪਰ ਸ਼ਹਿਰ ਦੀ ਗੰਦਗੀ ਅਤੇ ਕੂੜਾ-ਕਰਕਟ ਦੀ ਸਮੱਸਿਆ ਦੇ ਹੱਲ ਲਈ ਗਮਾਡਾ ਨੇ ਉਕਤ ਜ਼ਮੀਨ ਨਗਰ ਨਿਗਮ ਨੂੰ ਡੰਪਿੰਗ ਗਰਾਊਂਡ ਵਾਸਤੇ ਅਲਾਟ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਉਕਤ ਜ਼ਮੀਨ ਦੀ ਵਰਤੋਂ ਉਸੇ ਕੰਮ ਲਈ ਕੀਤੀ ਜਾਵੇ ਜਿਸ ਮੰਤਵ ਲਈ ਇਹ ਦਿੱਤੀ ਗਈ ਸੀ। ਸ੍ਰੀ ਪਟਵਾਰੀ ਨੇ ਕਿਹਾ ਕਿ ਸਿੱਧੂ ਭਰਾ ਆਗਾਮੀ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਅਜਿਹਾ ਕਰ ਰਹੇ ਹਨ। ਇਸੇ ਤਰ੍ਹਾਂ ਗਊਸ਼ਾਲਾ ਦੇ ਨਾਂ ’ਤੇ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੇਅਰ ਤੇ ਡਿਪਟੀ ਮੇਅਰ ਨੇ ਦੋਸ਼ ਨਕਾਰੇ
ਮੇਅਰ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਤਾਂ ਇਸ ਪ੍ਰਸਤਾਵ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਪਸ਼ੂਆਂ ਕਾਰਨ ਹੁਣ ਤੱਕ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਜ਼ਮੀਨ ਸਿਰਫ਼ ਤਿੰਨ ਸਾਲਾਂ ਲਈ ਲੀਜ਼ ’ਤੇ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਿਲਕ ਕਲੋਨੀ ਨੂੰ ਸ਼ਹਿਰ ਤੋਂ ਦੂਰ ਕਿਸੇ ਹੋਰ ਢੁਕਵੀਂ ਥਾਂ ’ਤੇ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਧਿਰ ਦੀ ਹੋਈ ਕਰਾਰੀ ਹਾਰ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।