ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਮੁਹਾਲੀ ਨਗਰ ਨਿਗਮ ਦੀ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 21 ਕਰੋੜ ਦੇ ਮਤੇ ਬਹੁਸੰਮਤੀ ਨਾਲ ਧੜਾਧੜ ਪਾਸ ਕੀਤੇ ਗਏ ਤੇ ਮਹਿਜ਼ 10 ਤੋਂ 15 ਮਿੰਟਾਂ ਵਿੱਚ ਮੀਟਿੰਗ ਦੀ ਕਾਰਵਾਈ ਨੂੰ ਸਮੇਟ ਦਿੱਤਾ। ਇਸ ਦੌਰਾਨ 60.64 ਕਰੋੜ ਦੇ ਵਿਕਾਸ ਮਤੇ ਪਾਸ ਕੀਤੇ ਗਏ।
ਹਾਲਾਂਕਿ ਅਖੀਰਲੇ ਪੜਾਅ ’ਚ ਵਿਰੋਧੀ ਧਿਰ ਦੇ ਕੌਂਸਲਰਾਂ ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ ਸੈਣੀ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ ਅਤੇ ਰਾਜਬੀਰ ਕੌਰ ਗਿੱਲ ਵੱਲੋਂ ਉਨ੍ਹਾਂ ਦੇ ਵਾਰਡਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਉਂਦਿਆਂ ਹਾਊਸ ’ਚ ਜਵਾਬ ਮੰਗਿਆ ਪਰ ਮੇਅਰ ਤੇ ਉਨ੍ਹਾਂ ਦੇ ਸਾਥੀ ਕੌਂਸਲਰ ਆਪੋ ਆਪਣੀਆਂ ਸੀਟਾਂ ਤੋਂ ਉੱਠ ਕੇ ਹਾਊਸ ’ਚੋਂ ਬਾਹਰ ਚਲੇ ਗਏ। ਪਿਛਲੀ ਮੀਟਿੰਗ ’ਚ ਵੀ ਵਿਰੋਧੀ ਧਿਰ ਨੇ ਵਿਕਾਸ ਕੰਮਾਂ ’ਚ ਪੱਖਪਾਤ ਦਾ ਦੋਸ਼ ਲਾਇਆ ਸੀ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਨਾਜਾਇਜ਼ ਰੇਹੜੀ-ਫੜੀ ਅਤੇ ਹੋਰ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਦਿਆਂ ਮੇਅਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਨਗਰ ਨਿਗਮ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਅਦਾਲਤ ਜਾਣਗੇ। ਸੈਕਟਰ-76 ਤੋਂ 80 ਦੇ ਵਿਕਾਸ ਕਾਰਜਾਂ ’ਤੇ 18 ਕਰੋੜ ਰੁਪਏ ਤੇ ਸੈਕਟਰ-78 ਵਿੱਚ ਤਿੰਨ ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਫਾਇਰ ਸਟੇਸ਼ਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ।
ਨਗਰ ਨਿਗਮ ਵੱਲੋਂ ਮੈਨੂਅਲ ਸਫ਼ਾਈ ਲਈ ਭਰਤੀ ਕੀਤੇ ਜਾਣ ਵਾਲੇ ਇੱਕ ਹਜ਼ਾਰ ਮੁਲਾਜ਼ਮਾਂ ਲਈ ਬੂਟ, ਦਸਤਾਨੇ, ਵਰਦੀਆਂ, ਰੇਹੜੀਆਂ, ਟਰਾਲੀਆਂ ਤੇ ਹੋਰ ਸਾਮਾਨ ਖ਼ਰੀਦਣ ਲਈ 2 ਕਰੋੜ 64 ਲੱਖ ਰੁਪਏ ਰੱਖੇ ਗਏ ਹਨ। ਇਹ ਮਤਾ ਟੇਬਲ ਆਈਟਮ ਰਾਹੀਂ ਪਾਸ ਕੀਤਾ ਗਿਆ।