ਮੁਕੇਸ਼ ਕੁਮਾਰ
ਚੰਡੀਗੜ੍ਹ, 5 ਸਤੰਬਰ
ਚੰਡੀਗੜ੍ਹ ਨਗਰ ਨਿਗਮ ਨੇ ‘ਸਵੱਛਤਾ ਕੀ ਮੋਹਰ’ ਪਹਿਲਕਦਮੀ ਤਹਿਤ ਅਧਿਆਪਕ ਦਿਵਸ ਮਨਾਇਆ ਜਿਸ ਵਿੱਚ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨੌਜਵਾਨ ਸਫ਼ਾਈ ਸੇਵਕਾਂ ਨੂੰ ਸਮਰੱਥ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸ਼ਾਨਦਾਰ ਸਫ਼ਾਈ ਸਲਾਹਕਾਰਾਂ ਦਾ ਸਨਮਾਨ ਕੀਤਾ ਗਿਆ। ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਅਤੇ ਐੱਮਓਐੱਚ ਡਾ. ਇੰਦਰਦੀਪ ਕੌਰ ਦੇ ਨਾਲ ਸ਼ਹਿਰ ਭਰ ਦੇ ਸਕੂਲਾਂ ਅਤੇ ਕਾਲਜਾਂ ਦੇ ਸਫ਼ਾਈ ਸਲਾਹਕਾਰਾਂ ਨੂੰ ਵਿਦਿਆਰਥੀਆਂ ਵਿੱਚ ਸਫ਼ਾਈ ਅਤੇ ਸਿਹਤ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਵਿੱਚ ਸਰਗਰਮ ਅਤੇ ਵਧੀਆ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ। ਸਕੂਲਾਂ ਅਤੇ ਕਾਲਜਾਂ ਦੇ ਸਫ਼ਾਈ ਸਲਾਹਕਾਰਾਂ ਨੇ ਸ਼ਹਿਰ ਦੇ ਮੇਅਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਠੋਸ ਰਹਿੰਦ-ਖੂੰਹਦ ਅਤੇ ਪਾਣੀ ਦੇ ਪ੍ਰਬੰਧਨ ਵਿੱਚ ਸ਼ਾਮਲ ਕੀਤਾ ਅਤੇ ਸਵੱਛ ਭਾਰਤ ਮਿਸ਼ਨ ਨਾਲ ਜੁੜੇ ਟਿਕਾਊ ਜੀਵਨ ਦੀ ਅਗਵਾਈ ਕਰਨ ਲਈ ਮਾਰਗਦਰਸ਼ਨ ਕੀਤਾ। ਮੇਅਰ ਕੁਲਦੀਪ ਕੁਮਾਰ ਨੇਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਨੇ ਆਪਣੀ ਸਵੱਛ ਸਰਵੇਖਣ ਰੈਂਕਿੰਗ ਨੂੰ 2021 ਵਿੱਚ 66ਵੇਂ ਸਥਾਨ ਤੋਂ ਵਧਾ ਕੇ 2023 ਵਿੱਚ 11ਵੇਂ ਸਥਾਨ ਤੱਕ ਪਹੁੰਚਾਇਆ ਹੈ। ਮੇਅਰ ਨੇ ‘ਕੂੜਾ ਰਹਿਤ ਸ਼ਹਿਰ’ ਮਿਸ਼ਨ ਦੀ ਯਾਤਰਾ ਨੂੰ ਜਾਰੀ ਰੱਖਣ ਲਈ ਯਤਨਾਂ ਅਤੇ ਪ੍ਰਾਪਤੀਆਂ ਨੂੰ ਸਾਂਝਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।