ਮੁਕੇਸ਼ ਕੁਮਾਰ
ਚੰਡੀਗੜ੍ਹ, 17 ਮਾਰਚ
ਨਗਰ ਨਿਗਮ ਚੰਡੀਗੜ੍ਹ ਵੱਲੋਂ ਅੱਜ ਇੱਥੇ ਸੈਕਟਰ 16 ਸਥਿਤ ਰੋਜ਼ ਕਲੱਬ ਕਮਿਊਨਿਟੀ ਸੈਂਟਰ ਵਿੱਚ ਹੋਲੀ ਮਿਲਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਹੋਲੀ ਮਿਲਣ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਸਰਬਜੀਤ ਕੌਰ ਅਤੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ, ਕੌਂਸਲਰਾਂ ਅਤੇ ਹੋਰ ਅਧਿਕਾਰੀਆਂ ਨੇ ਇਸ-ਦੂਸਰੇ ਨਾਲ ਫੁੱਲਾਂ ਦੀ ਹੋਲੀ ਖੇਡੀ ਅਤੇ ਇਕ-ਦੂਜੇ ਨੂੰ ਹੋਲੀ ਦੀ ਵਧਾਈ ਦਿੱਤੀ। ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਮੇਅਰ ਸਰਬਜੀਤ ਕੌਰ ਨੇ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਵਾਰ ਹੋਲੀ ਮੌਕੇ ਪਾਣੀ ਦੀ ਬੱਚਤ ਕਰਨ ਅਤੇ ਸੁੱਕੇ ਰੰਗਾਂ ਨਾਲ ਹੋਲੀ ਖੇਡਣ। ਉਨ੍ਹਾਂ ਕਿਹਾ ਕਿ ਹੋਲੀ ਦਾ ਇਹ ਤਿਉਹਾਰ ਇੱਕ-ਦੂਜੇ ਵਿੱਚ ਸਕਾਰਾਤਮਕਤਾ ਅਤੇ ਨਿੱਘੇ ਰਿਸ਼ਤੇ ਨਿਭਾਉਣ ਸਮੇਤ ਕਾਇਮ ਰਿਸ਼ਤਿਆਂ ਨੂੰ ਰੱਖਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਬਸੰਤ ਰੁੱਤ ਦੇ ਆਗਮਨ ਨੂੰ ਵੀ ਦਰਸਾਉਂਦਾ ਹੈ ਅਤੇ ਸਾਰੀਆਂ ਨਕਾਰਾਤਮਕਤਾਵਾਂ ਦੇ ਅੰਤ ਦਾ ਸੰਕੇਤ ਵੀ ਦਿੰਦਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਹੋਲੀ ਦੇ ਇਸ ਤਿਉਹਾਰ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦੀ ਸੱਚੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਅਤੇ ਵਧਾਈ ਦਿੱਤੀ। ਇਸ ਸਮਾਗਮ ਵਿਚ ਵਾਰਡ ਕੌਂਸਲਰ ਸੌਰਭ ਜੋਸ਼ੀ ਸਮੇਤ ਹੋਰ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਕਮਿਸ਼ਨਰ ਨੇ ਸਫਾਈ ਕਾਮਿਆਂ ਦਾ ਹੌਸਲਾ ਵਧਾਇਆ
ਚੰਡੀਗੜ੍ਹ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਅਤੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਦਾ ਧੰਨਵਾਦ ਕਰਨ ਅਤੇ ਹੌਸਲਾ ਵਧਾਉਣ ਲਈ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਇਨ੍ਹਾਂ ਸਫਾਈ ਕਰਮਚਾਰੀਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅੱਜ ਸਫ਼ਾਈ ਕਰਮਚਾਰੀਆਂ ਅਤੇ ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦਾ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਇਨ੍ਹਾਂ ਨਾਲ ਹੋਲੀ ਮਨਾਈ। ਗਾਰਬੇਜ ਕੁਲੈਟਰਾਂ ਅਤੇ ਸਫਾਈ ਕਰਮਚਾਰੀਆਂ ਨੇ ਨਿਗਮ ਕਮਿਸ਼ਨਰ ਦਾ ਧੰਨਵਾਦ ਕੀਤਾ।