ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 4 ਸਤੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਸ਼ੂ ਪਾਲਕਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਨਿਗਮ ਮੁਲਾਜ਼ਮ ਬੇਵਸ ਜਾਪਦੇ ਹਨ। ਕਿਉਂਕਿ ਪਸ਼ੂ ਪਾਲਕ ਜ਼ਬਰਦਸਤੀ ਆਪਣੇ ਪਸ਼ੂ ਛੁਡਾ ਕੇ ਲੈ ਜਾਂਦੇ ਹਨ ਤੇ ਸ਼ਿਕਾਇਤ ਕਰਤਾਵਾਂ ਨੂੰ ਵੀ ਮਾੜਾ ਬੋਲਦੇ ਹਨ।
ਪਿਛਲੇ ਦਿਨੀਂ ਦਸਮੇਸ਼ ਆਟਾ ਚੱਕੀ ਮਟੌਰ ਵਿੱਚ ਵੜ ਕੇ ਲਾਵਾਰਿਸ ਪਸ਼ੂਆਂ ਨੇ ਆਟਾ ਤੇ ਕਣਕ ਖਾ ਲਈ ਸੀ ਤੇ ਕਾਫੀ ਅਨਾਜ ਖਰਾਬ ਕਰ ਦਿੱਤਾ ਸੀ। ਇੰਜ ਹੀ ਬੀਤੇ ਕੱਲ੍ਹ ਕੁੱਝ ਲੋਕ ਸੈਕਟਰ-71 ਵਿੱਚ ਪਸ਼ੂਆਂ ਨੂੰ ਫੜਨ ਆਈ ਨਿਗਮ ਦੀ ਟੀਮ ਨਾਲ ਉਲਝ ਗਏ। ਜਿਸ ਕਾਰਨ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ ਹਨ। ਉਪਰੋਕਤ ਸਮੱਸਿਆ ਸਬੰਧੀ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਸ਼ਿਕਾਇਤ ’ਤੇ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ-71 ਤੇ ਹੋਰਨਾਂ ਥਾਵਾਂ ਦਾ ਤੂਫ਼ਾਨੀ ਦੌਰਾ ਕਰ ਕੇ ਲਾਵਾਰਿਸ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਲੋਕਾਂ ਨੇ ਦੱਸਿਆ ਕਿ ਕੁੱਝ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਘਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ, ਜਿਸ ਕਾਰਨ ਸ਼ਹਿਰ ਦੀਆਂ ਪਾਰਕਾਂ ਪਸ਼ੂ ਚਰਾਂਦ ਬਣ ਗਈਆਂ ਹਨ। ਇਨ੍ਹਾਂ ਪਸ਼ੂਆਂ ਕਾਰਨ ਰੋਜ਼ਾਨਾ ਵੱਡੀ ਗਿਣਤੀ ਸੜਕ ਹਾਦਸੇ ਵੀ ਵਾਪਰਦੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਵਾਲੇ ਪਸ਼ੂ ਪਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਿਗਮ ਕਮਿਸ਼ਨਰ ਕਮਲ ਗਰਗ ਅਤੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਕਿਹਾ। ਉਨ੍ਹਾਂ ਹਦਾਇਤ ਕੀਤੀ ਕਿ ਕੰਧ ਢਾਹੁਣ ਅਤੇ ਸ਼ਹਿਰ ਵਿੱਚ ਪਸ਼ੂਆਂ ਨੂੰ ਖੁੱਲ੍ਹੇ ਛੱਡਣ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।