ਹਰਜੀਤ ਸਿੰਘ
ਜ਼ੀਰਕਪੁਰ, 18 ਜੁਲਾਈ
ਸ਼ਹਿਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਬਲਟਾਣਾ ਖੇਤਰ ਵਿੱਚ 66 ਕੇ.ਵੀ. ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਪਾਵਰਕੌਮ ਵੱਲੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਇਸ ਪ੍ਰੋਗਰਾਮ ਵਿੱਚ ਬਿਜਲੀ ਮੰਤਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੋਕਾਂ ਨੂੰ ਇਸ ਬਿਜਲੀ ਘਰ ਦੇ ਚਾਲੂ ਹੋਣ ਦੀ ਵਧਾਈ ਦਿੱਤੀ। ਹਰਭਜਨ ਸਿੰਘ ਨੇ ਦੱਸਿਆ ਕਿ 6.6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਬਲਟਾਣਾ ਖੇਤਰ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸਦੇ ਚਾਲੂ ਹੋਣ ਨਾਲ ਓਵਰਲੋਡ ਚਲ ਰਹੇ ਭਬਾਤ ਸਬ ਸਟੇਸ਼ਨ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ 11 ਕੇ.ਵੀ. ਫੀਡਰ ਦੀ ਲੰਬਾਈ ਘਟਣ ਤੇ ਬਿਜਲੀ ਦੀ ਲਾਈਨਾਂ ਵਿੱਚ ਆਉਣ ਵਾਲੇ ਤਕਨੀਕੀ ਨੁਕਸ ਤੋਂ ਵੀ ਕਾਫੀ ਰਾਹਤ ਮਿਲੇਗੀ। ਬਿਜਲੀ ਘਰ ਬਣਾਉਣ ਵਿੱਚ ਨਗਰ ਕੌਂਸਲ ਵੱਲੋਂ ਇਕ ਕਰੋੜ 40 ਲੱਖ ਰੁਪਏ ਕੀਮਤ ਦੀ ਜ਼ਮੀਨ ਦਿੱਤੀ ਗਈ।
ਯੂਨੀਅਨ ਦਾ ਵਫਦ ਬਿਜਲੀ ਮੰਤਰੀ ਨੂੰ ਮਿਲਿਆ
ਲਾਲੜੂ (ਪੱਤਰ ਪ੍ਰੇਰਕ): ਪਾਵਰਕੌਮ ਦੀ ਮੁਲਾਜ਼ਮ ਜਥੇਬੰਦੀ (ਟੀ.ਐਸ.ਯੂ) ਦਾ ਇਕ ਵਫਦ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲਿਆ ਅਤੇ ਮੌਜੂਦਾ ਹਾਲਾਤ ਵਿੱਚ ਖਪਤਕਾਰਾਂ ਦੇ ਮੁਕਾਬਲੇ ਬਿਜਲੀ ਕਰਮਚਾਰੀਆਂ ਦੀ ਭਾਰੀ ਕਮੀ ਦੇ ਚਲਦੇ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਵਿਭਾਗ ਵਿੱਚ ਬਿਜਲੀ ਕਰਮਚਾਰੀਆਂ ਦੀ ਘਾਟ ਨੁੂੰ ਤੁਰੰਤ ਪੂਰਾ ਕੀਤਾ ਜਾਵੇ। ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ, ਸਵਰਨ ਸਿੰਘ ਮਾਵੀ, ਰਾਜੇਸ਼ ਕੁਮਾਰ ਰਾਣਾ, ਜਸਵਿੰਦਰ ਸਿੰਘ ਸੈਣੀ, ਮਲਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਦੀ ਗਿਣਤੀ ਪੁਰਾਣੇ ਨਿਯਮਾਂ ਮੁਤਾਬਿਕ ਹੈ, ਜਦਕਿ ਖਪਤਕਾਰਾਂ ਦੀ ਗਿਣਤੀ ਲੱਖਾਂ ਵਿੱਚ ਚਲੀ ਗਈ ਹੈ। ਬਿਜਲੀ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਆਂ ਅਸਾਮੀਆਂ ਭਰੀਆਂ ਜਾਣ, ਪਿਛਲੇ ਸਮੇਂ ਦੌਰਾਨ ਦਰਜਨਾਂ ਨਵੇਂ ਗਰਿੱਡ ਅਤੇ ਸਬ-ਡਵੀਜ਼ਨਾਂ ਹੋਂਦ ਵਿੱਚ ਆਈਆਂ ਹਨ, ਪਰ ਉਨ੍ਹਾਂ ਦੇ ਹਿਸਾਬ ਨਾਲ ਕੋਈ ਵੀ ਅਸਾਮੀ ਨਹੀਂ ਭਰੀ ਗਈ ਜਿਸ ਕਾਰਨ ਖਪਤਕਾਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਰਮਚਾਰੀ ਕੰਮ ਦੇ ਬੋਝ ਕਾਰਨ ਮਾਨਸਿਕ ਤਣਾਅ ਵਿਚ ਹਨ।