ਮੋਰਿੰਡਾ: ਪਿੰਡ ਮੁੰਡੀਆਂ ਵਿੱਚ ਚੋਰਾਂ ਨੇ ਦੋ ਘਰਾਂ ਵਿੱਚ ਚੋਰੀ ਕਰ ਲਈ। ਇਸ ਸਬੰਧੀ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਚੋਰੀ ਕੁਲਵਿੰਦਰ ਸਿੰਘ ਪੁੱਤਰ ਭੀਮ ਸਿੰਘ ਦੇ ਘਰ ਹੋਈ ਜਿੱਥੇ ਚੋਰਾਂ ਨੇ ਘਰ ਵਿੱਚ ਪਿਆ ਸੋਨਾ, ਚਾਂਦੀ ਅਤੇ ਪੰਜ ਹਜ਼ਾਰ ਰੁਪਏ ਚੋਰੀ ਕਰ ਲਏ ਜਿਸ ਨਾਲ ਪੀੜਤ ਪਰਿਵਾਰ ਦਾ ਲਗਭਗ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਜਦਕਿ ਦੂਜੀ ਚੋਰੀ ਗੁਰਮੁੱਖ ਸਿੰਘ ਪੁੱਤਰ ਬੰਤਾ ਸਿੰਘ ਦੇ ਘਰ ਹੋਈ ਜਿੱਥੇ ਚੋਰਾਂ ਨੇ ਦੋ ਸੋਨੇ ਦੀਆਂ ਮੁੰਦਰੀਆਂ ਅਤੇ ਇੱਕ ਮੋਬਾਈਲ ਚੋਰੀ ਕਰ ਲਿਆ। -ਪੱਤਰ ਪ੍ਰੇਰਕ
ਬਸੀ ਪਠਾਣਾਂ: ਇੱਕ ਪਾਖੰਡੀ ਬਾਬੇ ਅਤੇ ਉਸਦੇ ਇੱਕ ਸਾਥੀ ਵੱਲੋਂ ਰਾਹ ਜਾਂਦੀ ਇੱਕ ਔਰਤ ਦੇ ਸੋਨੇ ਦੇ ਗਹਿਣੇ ਠੱਗ ਲਏ ਗਏ। ਜਾਣਕਾਰੀ ਅਨੁਸਾਰ ਨਗਰ ਕੌਂਸਲ ਸਰਹਿੰਦ ਵਿੱਚ ਸਫ਼ਾਈ ਕਰਮਚਾਰੀ ਵਜੋਂ ਨੌਕਰੀ ਕਰਦੀ ਇੱਕ 50 ਸਾਲਾ ਔਰਤ ਸਰਹਿੰਦ ਮੰਡੀ ਦੇ ਰੇਲਵੇ ਪੁਲ ਨਜ਼ਦੀਕ ਮੌਜੂਦ ਸੀ ਕਿ ਉਸ ਕੋਲ ਦੋ ਵਿਅਕਤੀ ਆਏ ਜਿਸ ‘ਚੋਂ ਇੱਕ ਨੇ ਕਿਹਾ ਕਿ ਉਸਦੇ ਨਾਲ ਜੋ ਤੁਰ ਰਹੇ ਹਨ, ਉਹ ਬਹੁਤ ਕਰਨੀ ਵਾਲੇ ਬਾਬਾ ਹਨ। ਔਰਤ ਨੇ ਉਨ੍ਹਾਂ ਦੀਆਂ ਗੱਲਾਂ ‘ਚ ਆ ਕੇ ਆਪਣੇ 6-7 ਤੋਲੇ ਸੋਨੇ ਦੇ ਗਹਿਣੇ ਉਤਾਰ ਕੇ ਦੇ ਦਿੱਤੇ ਤੇ ਉਕਤ ਵਿਅਕਤੀਆਂ ਵੱਲੋਂ ਰੁਮਾਲ ‘ਚ ਲਪੇਟ ਕੇ ਦਿੱਤਾ ਸਾਮਾਨ ਆਪਣੇ ਕੋਲ ਰੱਖ ਲਿਆ। ਨੌਸਰਬਾਜ਼ਾਂ ਦੇ ਉੱਥੋਂ ਚਲੇ ਜਾਣ ਤੋਂ ਘੰਟੇ ਕੁ ਬਾਅਦ ਜਦੋਂ ਔਰਤ ਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਗਹਿਣਿਆਂ ਦੀ ਬਜਾਇ ਬਜਰੀ ਅਤੇ ਅਖ਼ਬਾਰ ਦਾ ਕਾਗਜ਼ ਸੀ। ਪੀੜਤਾ ਵੱਲੋਂ ਸਰਹਿੰਦ ਮੰਡੀ ਚੌਕੀ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ‘ਤੇ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ
ਵਾਲੀਆਂ ਖੋਹਣ ਵਾਲਾ ਨੌਜਵਾਨ ਕਾਬੂ
ਅਮਲੋਹ: ਵਾਰਡ ਨੰਬਰ 11 ਹੀਰਾ ਸਟਰੀਟ ਵਿੱਚ ਇੱਕ ਵਿਧਵਾ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਸੋਨੇ ਦੀਆਂ ਵਾਲੀਆਂ ਖੋਹਣ ਦੇ ਮਾਮਲੇ ਵਿੱਚ ਅਮਲੋਹ ਪੁਲੀਸ ਨੇ ਉਸ ਦੇ ਇੱਕ ਗੁਆਂਢੀ ਨੂੰ ਕਾਬੂ ਕੀਤਾ ਹੈ। ਥਾਣਾ ਅਮਲੋਹ ਦੇ ਮੁਖੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੇ ਘਰ ਦੇ ਬਾਹਰ ਕੁਰਸੀ ’ਤੇ ਬੈਠੀ ਸੀ ਕਿ ਇੱਕ ਨੌਜਵਾਨ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਦੇ ਗੁਆਂਢੀ ਕਰਨਵੀਰ ਬੱਤਾ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਕੇ ਵਾਲੀਆਂ ਬਰਾਮਦ ਕਰ ਲਈਆਂ ਗਈਆਂ ਹਨ। -ਪੱਤਰ ਪ੍ਰੇਰਕ