ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 31 ਮਾਰਚ
ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਮੁਲਾਜ਼ਮਾਂ ਦੀ ਕਮੀ ਨੂੰ ਦੂਰ ਕਰਨ ਲਈ ਭਰਤੀ ਵੀ ਕੀਤੀ ਜਾਵੇਗੀ ਤੇ ਲੋਕਾਂ ਦੇ ਕੰਮ ਵੀ ਸਮਾਂਬੱਧ ਤਰੀਕੇ ਨਾਲ ਕਰਵਾਏ ਜਾਣਗੇ। ਉਨ੍ਹਾਂ ਨੇ ਇਹ ਪ੍ਰਗਟਾਵਾ ਐੱਸਡੀਐੱਮ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣਨ ਤੇ ਸਾਂਝ ਕੇਂਦਰ ਦਾ ਦੌਰਾ ਕਰਨ ਮਗਰੋਂ ਕੀਤਾ। ਮੁਲਾਜ਼ਮਾਂ ਨੇ ਸ੍ਰੀ ਰਾਏ ਨੂੰ ਦੱਸਿਆ ਕਿ ਤਹਿਸੀਲ ਪੱਧਰ ’ਤੇ ਕਲਰਕਾਂ ਦੀਆਂ 14 ਪੋਸਟਾਂ ’ਚੋਂ 11 ਪੋਸਟਾਂ ਖਾਲੀ ਹੋਣ ਕਾਰਨ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਤਹਿਸੀਲ ਦਫ਼ਤਰ ਦਾ ਕੰਪਿਊਟਰ ਸਿਸਟਮ ਪੁਰਾਣਾ ਹੈ ਤੇ ਮੇਜ਼ ਕੁਰਸੀਆਂ ਦੀ ਹਾਲਤ ਖਸਤਾ ਹੈ। ਇੰਟਰਨੈੱਟ ਪ੍ਰਾਜੈਕਟ ਬਹੁਤ ਹੌਲੀ ਚੱਲਦਾ ਹੈ, ਜਿਸ ਕਾਰਨ ਸਰਟੀਫ਼ਿਕੇਟਾਂ ਦੀ ਆਨਲਾਈਨ ਪੈਂਡੈਂਸੀ ਕਲੀਅਰ ਹੋਣ ਵਿੱਚ ਸਮਾਂ ਲੱਗਦਾ ਹੈ। ਸੁਵਿਧਾ ਕੇਂਦਰ ਵਿੱਚ ਲੋਕਾਂ ਨੇ ਵੀ ਵਿਧਾਇਕ ਨੂੰ ਮੁਸ਼ਕਲਾਂ ਦੱਸੀਆਂ। ਸ੍ਰੀ ਰਾਏ ਨੇ ਭਰੋਸਾ ਦਿੱਤਾ ਕਿ ਇਹ ਮੁਸ਼ਕਲਾਂ ਮੁੱਖ ਮੰਤਰੀ ਦੇ ਧਿਆਨ ’ਚ ਲਿਆ ਕੇ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ।