ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 15 ਜੁਲਾਈ
ਨਗਰ ਨਿਗਮ ਚੰਡੀਗੜ੍ਹ ਵੱਲੋਂ ਸ਼ਹਿਰ ਵਿਚਲੀ ਨਿਗਮ ਦੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਛੇੜੀ ਗਈ ਮੁਹਿੰਮ ਤਹਿਤ ਅੱਜ ਇੱਥੇ ਮਨੀਮਾਜਰਾ ਵਿੱਚ 12.48 ਏਕੜ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ। ਨਿਗਮ ਵਲੋਂ ਕਬਜ਼ੇ ਹੇਠ ਲਈ ਗਈ ਜ਼ਮੀਨ ਦੀ ਬਾਜ਼ਾਰ ਵਿੱਚ ਕੀਮਤ 350 ਕਰੋੜ ਰੁਪਏ ਹੈ। ਨਿਗਮ ਦੇ ਅਧਿਕਾਰੀਆਂ ਦੀ ਟੀਮ ਨੇ ਇੱਥੇ ਮਨੀਮਾਜਰਾ ਦੇ ਨਾਲ ਲੱਗਦੀ ਇੰਦਰਾ ਕਲੋਨੀ ਗਰੀਨ ਬੈਲਟ ਦੇ ਸਾਹਮਣੇ, ਪੁਲੀਸ ਥਾਣਾ ਮਨੀਮਾਜਰਾ ਦੇ ਸਾਹਮਣੇ ਅਤੇ ਪਾਕੇਟ ਨੰਬਰ 9 ਵਿੱਚ ਵੱਖ-ਵੱਖ ਤਿੰਨ ਹਿਸਿਆਂ ਵਿੱਚ ਵੰਡੀ ਇਸ ਜ਼ਮੀਨ ਨੂੰ ਕਬਜ਼ੇ ’ਚ ਲਿਆ ਅਤੇ ਇਸ ’ਤੇ ਲੋੜੀਂਦੇ ਸੂਚਨਾ ਬੋਰਡ ਲਗਾ ਦਿੱਤੇ। ਨਿਗਮ ਕਮਿਸ਼ਨਰ ਨੇ ਬੀਐਂਡਆਰ ਡਿਵੀਜ਼ਨ ਦੇ ਸਾਰੇ ਸਬੰਧਤ ਕਾਰਜਕਾਰੀ ਇੰਜਨੀਅਰਾਂ ਤੇ ਮਾਲ ਰਿਕਾਰਡ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ਹਿਰ ਦੇ ਸਾਰੇ ਪਿੰਡਾਂ ਵਿੱਚ ਨਿਗਮ ਦੀਆਂ ਜ਼ਮੀਨਾਂ ਦੇ ਕਬਜ਼ੇ ਨਿਗਮ ਅਧੀਨ ਲੈ ਕੇ ਉੱਥੇ ਮੁੜ ਤੋਂ ਕਿਸੇ ਵੀ ਕਿਸਮ ਦੇ ਕਬਜ਼ਿਆਂ ਤੋਂ ਬਚਾਅ ਲਈ ਕੰਡਿਆਲੀ ਤਾਰ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਮਨੀਮਾਜਰਾ ਵਿੱਚ ਕਬਜ਼ੇ ਹੇਠ ਲਈ ਗਈ ਇਸ ਕੀਮਤੀ ਜ਼ਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਇਨ੍ਹਾਂ ਖੇਤਰਾਂ ਨੂੰ ਵਿਕਸਤ ਕਰਨ ਦੀਆਂ ਤਜਵੀਜ਼ਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਵੀ ਦਿੱਤੇ।