ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਸਤੰਬਰ
ਜ਼ੀਰਕਪੁਰ-ਪਟਿਆਲਾ ਸੜਕ ਤੋਂ ਏਅਰਫੋਰਸ ਹਾਈ ਗਰਾਊਂਡ ਵੱਲ ਜਾਣ ਵਾਲੀ ਸੜਕ ਤੋਂ ਅੱਜ ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ। ਇਸ ਦੌਰਾਨ ਕੌਂਸਲ ਨੇ ਇਸ ਸੜਕ ’ਤੇ ਸਥਿਤ ਕਾਰੋਬਾਰੀਆਂ ਅਤੇ ਹੋਰਨਾਂ ਨੂੰ ਇਸ ਸੜਕ ’ਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਕਬਜ਼ਾ ਨਾ ਕਰਨ ਦੀ ਚਿਤਾਵਨੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ’ਤੇ ਕੁਝ ਬਿਲਡਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਆਪਣੇ ਗੇਟ ਸਥਾਪਤ ਕਰ ਲਏ ਸੀ। ਇਸ ਤੋਂ ਇਲਾਵਾ ਕੁਝ ਹੋਟਲ ਮਾਲਕਾਂ ਅਤੇ ਦੁਕਾਨਦਾਰਾਂ ਨੇ ਆਪਣੀ ਥਾਂ ਤੋਂ ਬਾਹਰ ਵਾਧੂ ਥਾਂ ’ਤੇ ਸਾਮਾਨ ਰੱਖ ਕੇ ਜਾਂ ਪਾਰਕਿੰਗ ਬਣਾ ਕੇ ਨਾਜਾਇਜ਼ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਮਾਸਟਰ ਪਲਾਨ ਵਿੱਚ 100 ਫੁੱਟੀ ਇਹ ਸੜਕ ਨਾਜਾਇਜ਼ ਕਬਜ਼ੇ ਕਾਰਨ ਕਾਫੀ ਤੰਗ ਹੋ ਗਈ ਸੀ, ਜਿਸ ਕਾਰਨ ਰੋਜ਼ਾਨਾ ਸ਼ਾਮ ਵੇਲੇ ਇਸ ਸੜਕ ’ਤੇ ਜਾਮ ਲੱਗ ਜਾਂਦਾ ਹੈ। ਜਾਮ ਕਾਰਨ ਏਅਰਫੋਰਸ ਹਾਈ ਗਰਾਊਂਡ ਨੂੰ ਜਾਣ ਵਾਲੇ ਵਾਹਨ ਇਥੇ ਫੱਸ ਜਾਂਦੇ ਸੀ। ਇਸ ਨੂੰ ਦੇਖਦਿਆਂ ਲੰਘੇ ਦਿਨੀਂ ਏਅਰਫੋਰਸ ਹਾਈ ਗਰਾਊਂਡ ਦੇ ਅਧਿਕਾਰੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੋਲ ਸ਼ਿਕਾਇਤ ਦਿੱਤੀ ਸੀ।