ਮਿਹਰ ਸਿੰਘ
ਕੁਰਾਲੀ, 28 ਮਈ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਰਡਿੰਗਜ਼ ਅਤੇ ਬੈਨਰਾਂ ਨੂੰ ਲੈ ਕੇ ਨਗਰ ਕੌਂਸਲ ਵਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਕੌਂਸਲ ਨੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਰਕਾਰੀ ਇਮਾਰਤਾਂ ਅਤੇ ਖੰਭਿਆਂ ’ਤੇ ਲਗਾਏ ਹੋਰਡਿੰਗ ਅਤੇ ਬੈਨਰ ਲਾਹ ਕੇ ਆਪਣੇ ਕਬਜ਼ੇ ਵਿੱਚ ਲੈ ਲਏ।
ਸ਼ਹਿਰ ਵਿੱਚ ਅਨੇਕਾਂ ਥਾਵਾਂ, ਸਰਕਾਰੀ ਇਮਾਰਤਾਂ ਅਤੇ ਖੰਭਿਆਂ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਕੇ ਲਗਾਏ ਗਏ ਹੋਰਡਿੰਗਜ਼ ਅਤੇ ਬੈਨਰਾਂ ਨੂੰ ਹਟਾਉਣ ਲਈ ਕੌਂਸਲ ਵੱਲੋਂ ਸ਼ਹਿਰ ’ਚ ਟੀਮ ਦਾ ਗਠਨ ਕੀਤਾ ਗਿਆ ਹੈ। ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਦੀਆਂ ਹਦਾਇਤਾਂ ਅਨੁਸਾਰ ਗਠਿਤ ਕੀਤੀ ਕਮੇਟੀ ਨੇ ਅੱਜ ਸ਼ਹਿਰ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹੋਰਡਿੰਗਜ਼ ਅਤੇ ਬੈਨਰ ਹਟਾਏ ਅਤੇ ਕਬਜ਼ੇ ਵਿੱਚ ਲੈ ਲਏ। ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਅੱਜ ਸ਼ਹਿਰ ਦੇ ਹਰ ਕੋਨੇ ਦੀ ਚੈਕਿੰਗ ਕੀਤੀ ਗਈ।
ਇਨ੍ਹਾਂ ਟੀਮਾਂ ਵੱਲੋਂ ਸ਼ਹਿਰ ਦੇ ਚੌਕਾਂ ਅਤੇ ਚੌਰਾਹਿਆਂ ਤੋਂ ਉਤਾਰੇ ਜਾ ਰਹੇ ਹੋਰਡਿੰਗਾਂ ਨੂੰ ਕਬਜ਼ੇ ਵਿੱਚ ਲੈ ਕੇ ਨਗਰ ਕੌਂਸਲ ਦਫ਼ਤਰ ਵਿੱਚ ਜਮ੍ਹਾਂ ਕੀਤਾ ਗਿਆ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅੱਜ ਸ਼ਾਮ ਨੂੰ ਹੋਣ ਵਾਲੀ ਚੋਣ ਰੈਲੀ ਨੂੰ ਲੈ ਕੇ ਸ਼ਹਿਰ ਵਿੱਚ ਲਗਾਏ ਅਨੇਕਾਂ ਦਿਓ ਕੱਦ ਹੋਰਡਿੰਗ ਵੀ ਜੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਲਾਹੇ ਗਏ ਅਤੇ ਕੌਂਸਲ ਦੀ ਟੀਮ ਨੇ ਆਪਣੇ ਕਬਜ਼ੇ ਵਿੱਚ ਲੈ ਲਏ।
ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਚੋਣ ਜ਼ਾਬਤੇ ਪਾਲਣਾ ਹਿੱਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਾਏ ਹੋਰਡਿੰਗ, ਬੈਨਰ ਅਤੇ ਪੋਸਟਰ ਜੋ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਸਨ ਨੂੰ ਹਟਾਇਆ ਗਿਆ ਹੈ।