ਪੱਤਰ ਪ੍ਰੇਰਕ
ਕੁਰਾਲੀ, 21 ਜੂਨ
ਸਰਕਾਰ ਬਦਲਣ ਦੇ ਬਾਵਜੂਦ ਇਲਾਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ’ਚ ਕਿੰਨਾ ਸੁਧਾਰ ਹੋਇਆ ਹੈ ਇਸਦੀ ਮਿਸਾਲ ਬਲਾਕ ਮਾਜਰੀ ਦੇ ਪਿੰਡਾਂ ਨਗਲੀਆਂ ਤੇ ਸੁਹਾਲੀ ਨੂੰ ਜੋੜਨ ਵਾਲੀ ਸੜਕ ਤੋਂ ਮਿਲਦੀ ਹੈ।
ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਇਹ ਸੜਕ ਬਣਨ ਤੋਂ ਕੁਝ ਸਮਾਂ ਬਾਅਦ ਹੀ ਰੇਤ ਵਾਂਗ ਭੁਰਨੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪਿੰਡ ਨਗਲੀਆਂ ਤੇ ਪਿੰਡ ਸੁਹਾਲੀ ਵਿਚਾਲੇ ਬਣੀ ਸੰਪਰਕ ਸੜਕ ਦਰਜਨਾਂ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ। ਕਾਂਗਰਸ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਖਰਚ ਕੇ ਦੋਵਾਂ ਪਿੰਡਾਂ ਵਿਚਾਲੇ ਨਦੀ ’ਤੇ ਪੁਲ ਬਣਾਉਣ ਦੇ ਨਾਲ ਨਾਲ ਇਹ ਲਿੰਕ ਸੜਕ ਦਾ ਨਿਰਮਾਣ ਕੀਤਾ ਸੀ।
ਇਸ ਸੜਕ ’ਚ ਪੈਂਦੀ ਇਕ ਪੁਲੀ ਭਾਵੇਂ ਹਾਲੇ ਬਣ ਕੇ ਤਿਆਰ ਨਹੀਂ ਹੋਈ ਜਿਸ ਕਾਰਨ ਸੜਕ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕੀ। ਪਰ ਸੜਕ ਦਾ ਕਾਫੀ ਹਿੱਸਾ ਕਰੀਬ ਤਿੰਨ ਮਹੀਨੇ ਪਹਿਲਾਂ ਮੁਕੰਮਲ ਕਰ ਕੇ ਤਿਆਰ ਕਰ ਦਿੱਤਾ ਗਿਆ ਸੀ। ਤਿੰਨ ਮਹੀਨੇ ਪਹਿਲਾਂ ਤਿਆਰ ਹੋਈ ਸੜਕ ਹੁਣ ਤੋਂ ਹੀ ਸਾਈਡਾਂ ਤੋਂ ਟੁੱਟਣੀ ਵੀ ਸ਼ੁਰੂ ਹੋ ਗਈ ਹੈ। ਸੜਕ ਦੀਆਂ ਸਾਈਡਾਂ ਭੁਰਨ ਕਾਰਨ ਇਸਦੀ ਹੋਂਦ ਨੂੰ ਖਤਰਾ ਬਣ ਗਿਆ ਹੈ ਤੇ ਬਾਰਿਸ਼ ’ਚ ਸੜਕ ਪੂਰੀ ਤਰ੍ਹਾਂ ਰੁੜ੍ਹ ਸਕਦੀ ਹੈ। ਸੜਕ ਦੇ ਬਰਮ ਨਾ ਬਣਾਏ ਜਾਣ ਕਾਰਨ ਸੜਕ ’ਤੇ ਲਗਾਏ ਕਰੋੜਾ ਰੁਪਏ ਬੇਕਾਰ ਜਾ ਸਕਦੇ ਹਨ।
ਇਸ ਸਬੰਧੀ ਵਿਭਾਗ ਦੇ ਜੇਈ ਮੁਨੀਸ਼ ਬਾਂਸਲ ਨੇ ਦੱਸਿਆ ਕਿ ਮਾਈਨਿੰਗ ਬੰਦ ਹੋਣ ਕਾਰਨ ਬਰਮਾ ’ਤੇ ਮਿੱਟੀ ਨਹੀਂ ਪੈ ਸਕੀ ਜਿਸ ਕਾਰਨ ਸੜਕ ਟੁੱਟ ਗਈ ਹੈ। ਇਸ ਸਬੰਧੀ ਠੇਕੇਦਾਰ ਵਰਿੰਦਰ ਰਾਏ ਨੇ ਕਿਹਾ ਕਿ ਮਿੱਟੀ ਨਾ ਮਿਲਣ ਕਾਰਨ ਇਹ ਸਥਿਤੀ ਬਣੀ ਹੈ। ਜ਼ਿਕਰਯੋਗ ਹੈ ਕਿ ਹੋਰ ਸੜਕਾਂ ਦਾ ਕੰਮ ਨਿਰੰਤਰ ਚੱਲ ਰਿਹਾ ਹੈ ਪਰ ਵਿਭਾਗ ਨੂੰ ਇਸ ਸੜਕ ਲਈ ਹੀ ਮਿੱਟੀ ਕਿਉਂ ਨਹੀਂ ਮਿਲੀ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਮਿਕਚਰ ਇਸ ਸੜਕ ’ਤੇ ਪਾਇਆ ਗਿਆ ਹੈ ਉਸ ਹਿਸਾਬ ਨਾਲ ਪਹਿਲੀ ਬਰਸਾਤ ’ਚ ਇਸਦੀ ਬਜ਼ਰੀ ਖਿੱਲਰ ਜਾਵੇਗੀ। ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਦਾ ਗਿਆ ਹੈ। ਇਲਾਕਾ ਵਾਸੀਆਂ ਨੇ ਇਸ ਸੜਕ ਦੀ ਜਾਂਚ ਮੰਗੀ ਹੈ।