ਹਰਦੇਵ ਚੌਹਾਨ
ਚੰਡੀਗੜ੍ਹ, 11 ਦਸੰਬਰ
ਸੰਘਰਸ਼ਸ਼ੀਲ ਪੰਜਾਬੀ ਕੌਮੀਅਤ ਦੇ ਮਹਾਨਾਇਕ ਗੁਰਸ਼ਰਨ ਸਿੰਘ ਦੇ ਕਾਜ ਨੂੰ ਸਮਰਪਿਤ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ 17ਵਾਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਸ਼ਹਿਰ ਵਿੱਚ ਸ਼ੁਰੂ ਹੋਇਆ। ਕਿਸਾਨੀ ਘੋਲ ਦੇ ਮੱਦੇਨਜ਼ਰ ਨਾਟਕ ਤੋਂ ਪਹਿਲਾਂ ਮੁਲਕ ਦੀ ਰਾਜਧਾਨੀ ਦੇ ਆਲੇ-ਦੁਆਲੇ ਬੈਠੇ ਕਿਸਾਨਾਂ ਪ੍ਰਤੀ ਸਹਿਯੋਗ ਦੀ ਭਾਵਨਾ ਦਾ ਇਜ਼ਹਾਰ ਮੋਮਬੱਤੀਆਂ ਜਗਾ ਕੇ ਕੀਤਾ ਗਿਆ। ਇਸ ਮੌਕੇ ਸੰਖੇਪ ਚਰਚਾ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਗੁਰਸ਼ਰਨ ਭਾਅ ਜੀ ਨੂੰ ਯਾਦ ਕਰਦੇ ਹੋਏ ਕਿਰਤੀਆਂ, ਕਿਸਾਨਾਂ ਤੇ ਕਲਾਕਾਰਾਂ ਦੀ ਸੰਘਰਸ਼ ਦੇ ਮੈਦਾਨ ਵਿੱਚ ਏਕਤਾ ਦਾ ਮੰਜ਼ਰ ਵੇਖ ਰਹੇ ਹਾਂ। ਇਹ ਇਪਟਾ ਤੇ ਅਮਨ ਲਹਿਰ ਤੋਂ ਬਾਅਦ ਤੋਂ ਪਹਿਲਾ ਅਵਸਰ ਹੈ ਜਦੋਂ ਸਮੁੱਚਾ ਸਮਾਜ ਆਪਣੇ ਆਪ ਨੂੰ ਸੰਘਰਸ਼ ਦੇ ਮੈਦਾਨ ਵਿੱਚ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਧਰਮਾਂ, ਜਾਤਾਂ ਤੇ ਸੌੜੀ ਸਿਆਸਤ ਦੀਆਂ ਤਮਾਮ ਦੀਵਾਰਾਂ ਮੇਟ ਦਿੱਤੀਆਂ ਹਨ ਅਤੇ ਪੰਜਾਬ ਦਾ ਨੌਜਵਾਨ ਅਸਲੋਂ ਨਵੇਂ ਰੂਪ ਵਿੱਚ ਸਰਗਰਮ ਹੋਇਆ ਹੈ। ਬਹੁਤ ਸਾਰੇ ਗਾਇਕ ਲੋਕਾਂ ਦੇ ਜੀਵਨ ਸੰਘਰਸ਼ ਨਾਲ ਜੁੜੇ ਹਨ। ਇਸ ਵਿੱਚ ਪੰਜਾਬੀ ਤੇ ਹਰਿਆਣਵੀ ਗਾਇਕੀ ਦੇ ਨਵੇਂ ਰੰਗ ਵੀ ਹਾਜ਼ਰ ਹੋਏ ਹਨ। ਪ੍ਰਧਾਨ ਅਨੀਤਾ ਨੇ ਕਿਹਾ ਕਿ ਅਸੀਂ ਕਰੋਨਾ ਕਾਲ ਦੀਆਂ ਤਮਾਮ ਮੁਸ਼ਕਲਾਂ ਦੇ ਬਾਵਜੂਦ ਕ੍ਰਾਂਤੀਕਾਰੀ ਨਾਟਕਕਾਰ ਦੀ ਯਾਦ ਵਿੱਚ ਗੁਰਸ਼ਰਨ ਸਿੰਘ ਨਾਟ ਉਤਸਵ ਕਰ ਸਕੇ ਹਾਂ ਜੋ ਦਰਸ਼ਕਾਂ ਦੇ ਸਹਿਯੋਗ ਤੇ ਪਿਆਰ ਸਦਕਾ ਹੀ ਸੰਭਵ ਹੋਇਆ ਹੈ।
ਇਸ ਗੱਲਬਾਤ ਤੋਂ ਬਾਅਦ ਡਾ. ਸਹਬਿ ਸਿੰਘ ਦੇ ਨਾਟਕ ‘ਸੰਮਾਂ ਵਾਲ਼ੀ ਡਾਂਗ’ ਨਾਲ ਨਾਟ ਉਤਸਵ ਦਾ ਆਗਾਜ਼ ਹੋਇਆ। ਇਹ ਸੋਲੋ ਨਾਟਕ ਕਿਸਾਨੀ ਜੀਵਨ ਦੀਆਂ ਮੁਸ਼ਕਿਲਾਂ, ਚੁਣੌਤੀਆਂ, ਸੱਧਰਾਂ ਤੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ, ਜੋ ਸੱਤਾ ਦੀ ਪ੍ਰਤੀਕ ਕੁਰਸੀ ਨਾਲ ਸਿੱਧੇ ਸੰਵਾਦ ਵਜੋਂ ਪੇਸ਼ ਹੁੰਦਾ ਹੈ। ਨਾਟਕ ਦਾ ਨਾਇਕ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਪਰੰਪਰਾ ਦੇ ਨਾਲ ਨਾਲ ਪੂਰੀ ਦ੍ਰਿੜਤਾ ਨਾਲ ਹਾਕਮ ਜਮਾਤ ਨੂੰ ਖਰੀਆਂ,ਖਰੀਆਂ ਸੁਣਾਉਂਦਾ ਹੈ। ਨਾਟਕ ਦਾ ਸਿਖ਼ਰ ਘਰ ਆ ਵੜੇ ਸੱਪ ਨੂੰ ‘ਸੰਮਾਂ ਵਾਲੀ ਡਾਂਗ’ ਨਜਿੱਠਣ ਦੇ ਪ੍ਰਤੀਕ ਨਾਲ ਹੁੰਦਾ ਹੈ। ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ‘ਮਨ ਮਿੱਟੀ ਦਾ ਬੋਲਿਆ’ ਨਾਟਕ ਪੇਸ਼ ਕੀਤਾ ਜਾਵੇਗਾ। ਸ਼ਬਦੀਸ਼ ਦੇ ਇਸ ਨਾਟਕ ਨੂੰ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਇਸਤਰੀ ਜਾਤੀ ਦੇ ਜੀਵਨ ਸੰਘਰਸ਼ ਨੂੰ ਦਰਸਾਇਆ ਜਾਵੇਗਾ।