ਹਰਜੀਤ ਸਿੰਘ
ਡੇਰਾਬੱਸੀ, 14 ਮਾਰਚ
ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਉਨ੍ਹਾਂ ਅੱਜ ਇੱਥੋਂ ਦੇ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਹਸਪਤਾਲ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੂੰ ਵਿਧਾਇਕ ਨੂੰ ਕਿਹਾ ਕਿ ਲੋਕਾਂ ਵਿੱਚ ਇਸ ਹਸਪਤਾਲ ਬਾਰੇ ਵਹਿਮ ਹੈ ਕਿ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੇ ਬਿਨਾ ਹੀ ਚੰਡੀਗੜ੍ਹ ਦੇ ਵੱਡੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਡਾਕਟਰਾਂ ਅਤੇ ਸਟਾਫ਼ ਨੂੰ ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਕਰਨ ਅਤੇ ਨਿਰਧਾਰਤ ਸਮੇਂ ’ਤੇ ਡਿਊਟੀ ’ਤੇ ਪਹੁੰਚਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਏਅਰ ਕੰਡੀਸ਼ਨ ਦਫਤਰਾਂ ਵਿੱਚ ਬੈਠਣ ਲਈ ਨਹੀਂ ਬਣੇ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਬਣੇ ਹਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਸਿਹਤ, ਸਿੱਖਿਆ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਇਸ ਮੌਕੇ ਹਲਕਾ ਵਿਧਾਇਕ ਨੇ ਐੱਸਐੱਮਓ ਕੋਲੋਂ ਹਸਪਤਾਲ ਵਿੱਚ ਲੋੜੀਂਦੇ ਸਟਾਫ਼ ਅਤੇ ਲੋੜੀਂਦੀਆਂ ਚੀਜ਼ਾਂ ਬਾਰੇ ਜਾਣਕਾਰੀ ਮੰਗੀ ਤਾਂ ਜੋ ਇਨ੍ਹਾਂ ਲੋੜਾਂ ਨੂੰ ਛੇਤੀ ਪੂਰਾ ਕੀਤਾ ਜਾ ਸਕੇ।