ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ , 16 ਜੂਨ
ਪੀ.ਆਰ.ਟੀ.ਸੀ ਵਰਕਸ ਯੂਨੀਅਨ (ਏਟਕ) ਨੇ ਪੰਜਾਬ ਖੇਤਰ ਵਿਚ ਚੱਲ ਰਹੀਆਂ ਸੀਟੀਯੂ ਦੀਆਂ ਬੱਸਾਂ ’ਤੇ ਸਵਾਲ ਉਠਾਏ ਹਨ। ਯੂਨੀਅਨ ਦੇ ਆਗੂ ਜਗਤਾਰ ਸਿੰਘ ਨੇ ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਤੋਂ ਇਸ ਬਾਰੇ ਸਪੱਸ਼ਟੀਕਰਨ ਵੀ ਮੰਗਿਆ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਜੀ ਬੱਸ ਸਰਵਿਸ ’ਤੇ ਕਰੋਨਾ ਸੰਕਟ ਕਰ ਕੇ ਪਾਬੰਦੀ ਲਗਾਈ ਹੋਈ ਹੈ। ਯੂਟੀ ਪ੍ਰਸ਼ਾਸਨ ਨੇ ਵੀ ਦੂਸਰੇ ਰਾਜਾਂ ਦੀਆਂ ਬੱਸਾਂ ’ਤੇ ਚੰਡੀਗੜ੍ਹ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਆਗੂਆਂ ਨੇ ਜਾਰੀ ਬਿਆਨ ’ਚ ਆਖਿਆ ਕਿ ਸੀਟੀਯੂ ਦੀਆਂ ਬੱਸਾਂ ਜ਼ੀਰਕਪੁਰ, ਡੇਰਾਬੱਸੀ, ਲਾਂਡਰਾਂ, ਖਰੜ ਅਤੇ ਕੁਰਾਲੀ ’ਚ ਚੱਲ ਰਹੀਆਂ ਹਨ, ਜਦੋਂ ਕਿ ਖੁਦ ਚੰਡੀਗੜ੍ਹ ਪ੍ਰਸ਼ਾਸਨ ਨੇ ਦੂਸਰੇ ਰਾਜਾਂ ’ਤੇ ਪਾਬੰਦੀ ਲਗਾਈ ਹੋਈ ਹੈ। ਆਗੂਆਂ ਨੇ ਆਖਿਆ ਕਿ ਅਗਰ ਸੀ.ਟੀ.ਯੂ ਏਦਾਂ ਪੰਜਾਬ ਦੇ ਖੇਤਰ ਵਿਚ ਬਿਨਾਂ ਕਿਸੇ ਰੋਕ ਟੋਕ ਤੋਂ ਮੂਵ ਕਰ ਸਕਦੀ ਹੈ ਤਾਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਦੇ 43 ਸੈਕਟਰ ਦੇ ਬੱਸ ਅੱਡੇ ਅਤੇ 17 ਸੈਕਟਰ ਦੇ ਬੱਸ ਸਟੈਂਡ ’ਚ ਕਿਉਂ ਨਹੀਂ ਜਾ ਸਕਦੀਆਂ।