ਹਰਜੀਤ ਸਿੰਘ
ਡੇਰਾਬੱਸੀ, 20 ਜੂਨ
ਇੱਥੋਂ ਦੇ ਦਾਦ ਪੁਰਾ ਮੁਹੱਲੇ ਵਿੱਚ 3 ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਲਾਰਿਆ ਤੋਂ ਸਿਵਾਏ ਕੋਈ ਹੱਲ ਨਹੀਂ ਕਰ ਰਹੇ। ਮੁਹੱਲਾ ਵਾਸੀਆਂ ਨੇ ਖਾਲੀ ਭਾਂਡੇ ਲੈ ਕੇ ਕੌਂਸਲ ਅਧਿਕਾਰੀਆ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਪਾਣੀ ਨੂੰ ਤਰਸਦੇ ਲੋਕਾਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਜਲਦ ਹੀ ਪਾਣੀ ਦੀ ਸਪਲਾਈ ਠੀਕ ਨਾ ਹੋਈ ਤਾਂ ਉਨ੍ਹਾਂ ਨੂੰ ਮਜਬੂਰਨ ਨਗਰ ਦਫ਼ਤਰ ਅੱਗੇ ਧਰਨਾ ਦੇਣਾ ਪਵੇਗਾ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਨਾ ਤਾਂ ਨਹਾਉਣ ਲਈ ਪਾਣੀ ਮਿਲ ਰਿਹਾ ਹੈ ਤੇ ਨਾ ਹੀ ਪੀਣ ਲਈ, 3 ਦਿਨਾਂ ਤੋਂ ਸਪਲਾਈ ਬੰਦ ਹੈ। ਹਰ ਵਾਰ ਗਰਮੀਆਂ ਵਿੱਚ ਇਹ ਸਮੱਸਿਆ ਆਉਂਦੀ ਹੈ। ਹਰ ਮਹੀਨੇ ਨਗਰ ਕੌਂਸਲ ਪਾਣੀ ਦਾ ਪੁੂਰਾ ਬਿੱਲ ਵਸੂਲ ਕਰਦੀ ਹੈ, ਇਸ ਦੇ ਬਾਵਜੂਦ ਪਾਣੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਨ ’ਤੇ ਨਗਰ ਕੌਂਸਲ ਦਫ਼ਤਰ ਵਿੱਚ ਕੋਈ ਅਧਿਕਾਰੀਆਂ ਸੁਣਵਾਈ ਨਹੀਂ ਕਰਦਾ।