ਹਰਜੀਤ ਸਿੰਘ
ਜ਼ੀਰਕਪੁਰ, 20 ਸਤੰਬਰ
ਇੱਥੋਂ ਦੀ 200 ਫੁੱਟੀ ਐਰੋਸਿਟੀ ਰੋਡ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਇਸ ਸੜਕ ਦੀ ਮੁਰੰਮਤ ਨਹੀਂ ਹੋਈ ਜਿਸ ਕਾਰਨ ਇਸ ਦੀ ਹਾਲਤ ਖ਼ਰਾਬ ਹੋ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਮਾਡਾ ਵੱਲੋਂ ਜ਼ੀਰਕਪੁਰ ਤੋਂ ਖਰੜ ਤੱਕ 200 ਫੁੱਟੀ ਐਰੋਸਿਟੀ ਰੋਡ ਦੀ ਉਸਾਰੀ ਕੀਤੀ ਗਈ ਸੀ। ਇਸ ਸੜਕ ਦੇ ਬਣਨ ਨਾਲ ਮੁਹਾਲੀ, ਖਰੜ ਅਤੇ ਪੰਜਾਬ ਅਤੇ ਰੋਪੜ ਦੇ ਰਸਤੇ ਤੋਂ ਹਿਮਾਚਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਰਾਹਤ ਮਿਲੀ ਸੀ। ਇਹ ਸੜਕ ਇਸ ਵੇਲੇ ਚੰਡੀਗੜ੍ਹ ਬਾਈਪਾਸ ਦਾ ਕੰਮ ਕਰ ਰਹੀ ਹੈ ਜਦਕਿ ਇਸ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਚੰਡੀਗੜ੍ਹ ਤੋਂ ਹੋ ਕੇ ਜਾਣਾ ਪੈਂਦਾ ਸੀ। ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਮੌਨਸੂਨ ਦੌਰਾਨ ਪਏ ਮੀਂਹ ਕਾਰਨ ਇਸ ਸੜਕ ’ਤੇ ਖੜ੍ਹੇ ਪਾਣੀ ਵਿੱਚੋਂ ਵਾਹਨ ਲੰਘਣ ਕਾਰਨ ਇੱਥੇ ਵੱਡੇ-ਵੱਡੇ ਟੋਏ ਪੈ ਗਏ ਹਨ। ਸੜਕ ਦੇ ਦੋਵੇਂ ਪਾਸੇ ਦਰਜਨਾਂ ਵੱਡੇ-ਵੱਡੇ ਖੱਡੇ ਪੈ ਗਏ ਹਨ ਜੋ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ। ਇਸ ਕਾਰਨ ਲੋਕਾਂ ਦੇ ਮਹਿੰਗੇ ਵਾਹਨ ਇਨ੍ਹਾਂ ਖੱਡਿਆਂ ਵਿੱਚ ਡਿੱਗ ਕੇ ਨੁਕਸਾਨੇ ਜਾ ਰਹੇ ਹਨ। ਸੜਕ ਚੌੜੀ ਹੋਣ ਕਾਰਨ ਇੱਥੇ ਲੋਕਾਂ ਦੇ ਵਾਹਨਾਂ ਦੀ ਸਪੀਡ ਤੇਜ਼ ਹੁੰਦੀ ਹੈ ਜਿਨ੍ਹਾਂ ਨੂੰ ਖੱਡੇ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਇੱਥੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਸਮੇਂ ਰਹਿੰਦੇ ਇਨ੍ਹਾਂ ਖੱਡਿਆਂ ਦੀ ਮੁਰੰਮਤ ਕਰਨੀ ਚਾਹੀਦੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਕਿਹਾ ਕਿ ਛੇਤੀ ਸਬੰਧਤ ਮਹਿਕਮੇ ਨਾਲ ਰਾਬਤਾ ਕਾਇਮ ਕਰ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ।