ਮੁਕੇਸ਼ ਕੁਮਾਰ
ਚੰਡੀਗੜ੍ਹ, 10 ਮਾਰਚ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਇਕੱਤਰ ਕਰਨ ਲਈ ਸ਼ੁਰੂ ਕੀਤੀ ਗਈ ਯੋਜਨਾ ਬਾਰੇ ਰੇੜਕਾ ਬਰਕਰਾਰ ਹੈ। ਇਸ ਯੋਜਨਾ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਸ਼ਹਿਰ ਦੇ ਨਿੱਜੀ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਜ਼ ਲਗਪਗ ਦੋ ਮਹੀਨੇ ਹੜਤਾਲ ’ਤੇ ਰਹੇ ਸਨ। ਹੁਣ ਇਥੇ ਡੱਡੂਮਾਜਰਾ ਵਾਸੀਆਂ ਨੇ ਨਗਰ ਨਿਗਮ ਵੱਲੋਂ ਲਾਗੂ ਕੀਤੀ ਗਈ ਇਸ ਯੋਜਨਾ ਨੂੰ ਮਹਿਜ਼ ਦਿਖਾਵਾ ਦੱਸਦੇ ਹੋਏ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੇ ਸਿਰਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਆਦੇਸ਼ਾਂ ਨੂੰ ਸ਼ਹਿਰ ਵਿੱਚ ਲਾਗੂ ਕਰਨ ਦਾ ਇਹ ਕਥਿਤ ਡਰਾਮਾ ਕੀਤਾ ਹੈ।
ਡੱਡੂਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਨਗਰ ਨਿਗਮ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਤੋਂ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੀ ਨਗਰ ਨਿਗਮ ਨੇ ਇਸ ਯੋਜਨਾ ’ਤੇ ਕਰੋੜਾ ਰੁਪਏ ਖਰਚ ਕੇ ਸ਼ਹਿਰ ਵਿੱਚ ਘਰ-ਘਰ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਦੀ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਨਿਗਮ ਦੇ ਵਾਹਨਾਂ ਰਾਹੀਂ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਤਾਂ ਕੀਤਾ ਜਾ ਰਿਹਾ ਹੈ, ਪਰ ਇਸ ਇਕੱਤਰ ਕੀਤੇ ਗਏ ਕੂੜੇ ਨੂੰ ਨਗਰ ਨਿਗਮ ਦੀਆਂ ਗੱਡੀਆਂ ਵੱਲੋਂ ਇਥੇ ਡੱਡੂਮਾਜਰਾ ਵਿੱਚ ਬੱਚਿਆਂ ਦੇ ਖੇਡਣ ਲਈ ਬਣਾਏ ਗਏ ਥੀਮ ਪਾਰਕ ਵਿੱਚ ਇੱਕੋ ਥਾਂ ’ਤੇ ਢੇਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸ਼ਹਿਰ ਵਾਸੀਆਂ ਨਾਲ ਜਿਥੇ ਧੋਖਾ ਕੀਤਾ ਜਾ ਰਿਹਾ ਹੈ, ਉਥੇ ਡੰਪਿੰਗ ਗਰਾਊਂਡ ਨਾਲ ਲੱਗਦੇ ਡੱਡੂਮਾਜਰਾ ਵਾਸੀਆਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੱਡੂਮਾਜਰਾ ਵਾਸੀ ਪਹਿਲਾਂ ਹੀ ਇਥੇ ਡੰਪਿੰਗ ਗਰਾਊਂਡ ਤੋਂ ਦੁਖੀ ਹਨ ਅਤੇ ਹੁਣ ਇਥੇ ਥੀਮ ਪਾਰਕ ਵਿੱਚ ਨਿਗਮ ਦੇ ਵਾਹਨਾਂ ਵੱਲੋਂ ਸੁੱਟੇ ਜਾਣ ਵਾਲੇ ਇਸ ਕੂੜੇ ਨੇ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਥੇ ਥੀਮ ਪਾਰਕ ਵਿੱਚ ਸਵੇਰੇ ਤੋਂ ਹੀ ਨਗਰ ਨਿਗਮ ਦੇ ਵਾਹਨਾਂ ਦੀਆਂ ਕੂੜਾ ਸੁੱਟਣ ਲਈ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਦੇਰ ਸ਼ਾਮ ਤੱਕ ਇਹੋ ਹਾਲ ਰਹਿੰਦਾ ਹੈ। ਕੂੜਾ ਸੁੱਟਣ ਕਾਰਨ ਆਸਪਾਸ ਦਾ ਵਾਤਾਵਰਨ ਹੋਰ ਖਰਾਬ ਰਹਿਣ ਲੱਗ ਪਿਆ ਹੈ। ਸ਼੍ਰੀ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਨਗਰ ਨਿਗਮ ਨੇ ਘਰ-ਘਰ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਦੀ ਜੋ ਯੋਜਨਾ ਲਾਗੂ ਕੀਤੀ ਹੈ ਉਹ ਮਹਿਜ਼ ਦਿਖਾਵਾ ਹੈ ਅਤੇ ਅਸਲੀਅਤ ਤੋਂ ਕੋਹਾਂ ਦੂਰ ਹੈ।
ਜੁਆਇੰਟ ਕਮਿਸ਼ਨਰ ਨੇ ਨਹੀਂ ਚੁੱਕਿਆ ਫੋਨ
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨਾਲ ਜਦੋਂ ਇਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਡੱਡੂਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਨੇ ਇਸ ਯੋਜਨਾ ਨੂੰ ਲੈਕੇ ਖਰਚ ਕੀਤੇ ਗਏ ਕਰੋੜਾਂ ਰੁਪਏ ਤੋਂ ਬਾਅਦ ਵੀ ਇਸ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਚੰਡੀਗੜ੍ਹ ਪ੍ਰਸ਼ਾਸਕ ਨੂੰ ਜਾਂਚ ਕਰਨ ਦੀ ਮੰਗ ਕੀਤੀ ਹੈ।