ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 23 ਜੂਨ
ਮੁਹਾਲੀ ਵਿਚ ਟੇਬਿਲ ਟੈਨਿਸ ਦਾ ਕੋਈ ਵੀ ਸਰਕਾਰੀ ਕੋਚ ਨਾ ਹੋਣ ਕਾਰਨ ਖਿਡਾਰੀ ਪ੍ਰੇਸ਼ਾਨ ਹਨ। ਖਿਡਾਰੀਆਂ ਨੂੰ ਰੋਜ਼ਾਨਾ ਪ੍ਰੈਕਟਿਸ ਕਰਨ ਲਈ ਪ੍ਰਾਈਵੇਟ ਕੋਚਾਂ ’ਤੇ ਨਿਰਭਰ ਕਰਨਾ ਪੈ ਰਿਹਾ ਹੈ। ਟੇਬਿਲ ਟੈਨਿਸ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀ ਵੀ ਕੋਚ ਨਾ ਹੋਣ ਕਾਰਨ ਟੇਬਿਲ ਟੈਨਿਸ ਵਿਚ ਹਿੱਸਾ ਲੈਣ ਤੋਂ ਅਸਮਰੱਥ ਹਨ। ਟੇਬਿਲ ਟੈਨਿਸ ਦੇ ਕਈ ਖਿਡਾਰੀਆਂ ਕਮਲਜੀਤ ਸਿੰਘ, ਜਪਨੀਤ ਕੌਰ, ਅਕਸ਼ਿਤਾ ਢੰਡਵਾਲ, ਅਰਪਿਤ, ਪੁਨੀਤ, ਵਿਰਾਟ, ਸ਼ੁਭਮ, ਪ੍ਰਸ਼ਮਨ, ਸਲਮਾਨ ਆਦਿ ਨੇ ਦੱਸਿਆ ਕਿ ਮੁਹਾਲੀ ਦੇ ਕਿਸੇ ਵੀ ਸਟੇਡੀਅਮ ਵਿੱਚ ਟੇਬਿਲ ਟੈਨਿਸ ਦਾ ਨਾ ਕੋਈ ਸੈਂਟਰ ਹੈ ਅਤੇ ਨਾ ਹੀ ਕੋਈ ਕੋਚ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੈਕਟਰ-78 ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਟੇਬਿਲ ਟੈਨਿਸ ਦਾ ਸੈਂਟਰ ਮੌਜੂਦ ਸੀ ਤੇ ਇੱਥੇ ਦੋ ਕੋਚ ਵੀ ਤਾਇਨਾਤ ਸਨ ਪਰ ਪਿਛਲੇ ਕਈ ਵਰ੍ਹਿਆਂ ਤੋਂ ਇਹ ਸੈਂਟਰ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਕੋਚ ਨਾ ਹੋਣ ਕਾਰਨ ਸ਼ਹਿਰ ਦੇ ਦਰਜਨਾਂ ਖਿਡਾਰੀਆਂ ਦੀ ਖੇਡ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੂੰ ਪ੍ਰਾਈਵੇਟ ਕੋਚਿੰਗ ਲੈਣ ਲਈ ਦੂਰ ਦੁਰਾਡੇ ਜਾਣਾ ਪੈਂਦਾ ਹੈ ਤੇ ਵਾਧੂ ਫ਼ੀਸ ਵੀ ਦੇਣੀ ਪੈਂਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰਦਿਆਂ ਮੁਹਾਲੀ ਸ਼ਹਿਰ ਵਿੱਚ ਬਿਨਾ ਕਿਸੇ ਦੇਰੀ ਤੋਂ ਟੇਬਿਲ ਟੈਨਿਸ ਦੇ ਕੋਚ ਭੇਜਣ ਅਤੇ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਹੈ।