ਜਗਮੋਹਨ ਸਿੰਘ
ਘਨੌਲੀ, 17 ਨਵੰਬਰ
ਪੁਲੀਸ ਚੌਕੀ ਘਨੌਲੀ ਦੇ ਨਵੇਂ ਇੰਚਾਰਜ ਸਮਰਜੀਤ ਸਿੰਘ ਨੇ ਧੁੰਦ ਦੌਰਾਨ ਕੌਮੀ ਮਾਰਗ ’ਤੇ ਸਫ਼ਰ ਕਰ ਰਹੇ ਵਾਹਨ ਚਾਲਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੇ ਮਨੋਰਥ ਨਾਲ ਰੇਲਵੇ ਫਾਟਕ ਤੋਂ ਬੈਰੀਅਰ ਵੱਲ ਗ਼ਲਤ ਦਿਸ਼ਾ ਵਿੱਚ ਜਾਣ ਵਾਲੇ ਵਾਹਨ ਚਾਲਕਾਂ ਤੇ ਸ਼ਿਕੰਜਾ ਕਸ ਦਿੱਤਾ ਹੈ। ਬੀਤੀ ਰਾਤ ਸੜਕ ’ਤੇ ਨਾਕਾਬੰਦੀ ਦੌਰਾਨ ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਘਨੌਲੀ ਰੇਲਵੇ ਫਾਟਕਾਂ ਤੋਂ ਕੁੱਝ ਕੁ ਮੀਟਰ ਦੀ ਦੂਰੀ ’ਤੇ ਘਨੌਲੀ ਬੱਸ ਸਟੈਂਡ ਨੇੜੇ ਕੱਟ ਹੋਣ ਦੇ ਬਾਵਜੂਦ ਲੋਕ ਬੈਰੀਅਰ ਵੱਲ ਗ਼ਲਤ ਦਿਸ਼ਾ ਵਿੱਚ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਅਜਿਹੇ ਵਾਹਨ ਚਾਲਕ ਧੁੰਦ ਜਾਂ ਹਨੇਰੇ ਦੀ ਵੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਬੀਤੀ ਰਾਤ 20 ਵਾਹਨਾਂ ਦੇ ਚਾਲਾਨ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਨੂੰ ਦਸਤਾਵੇਜ਼ ਅਧੂਰੇ ਹੋਣ ਕਾਰਨ ਜਾਂ ਨਾ ਹੋਣ ਕਾਰਨ ਜ਼ਬਤ ਕੀਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਏਐੱਸਆਈ ਰਾਜਿੰਦਰ ਸਿੰਘ ਤੇ ਹੋਰ ਪੁਲੀਸ ਜਵਾਨ ਵੀ ਹਾਜ਼ਰ ਸਨ।