ਹਰਜੀਤ ਸਿੰਘ
ਡੇਰਾਬੱਸੀ, 12 ਨਵੰਬਰ
ਇੱਥੋਂ ਦੀਆਂ ਫੈਕਟਰੀਆਂ ਵੱਲੋਂ ਨਿਯਮਾਂ ਦੀ ਅਣਦੇਖੀ ਕਰ ਫੈਲਾਏ ਜਾ ਰਹੇ ਪ੍ਰਦੂਸ਼ਣ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਰਗੋਂ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ ਹੈ। ਅੱਜ ਤਹਿਸੀਲਦਾਰ ਦੀ ਅਗਵਾਈ ਹੇਠ ਪ੍ਰਦੂਸ਼ਣ ਰੋਕੂ ਬੋਰਡ ਦੀ ਟੀਮ ਵੱਲੋਂ ਇਥੋਂ ਦੇ ਪਿੰਡ ਹੈਬਤਪੁਰ, ਰਾਮਪੁਰ ਸੈਣੀਆਂ ਅਤੇ ਭਗਵਾਨਪੁਰ ਵਿੱਚ ਸਥਿਤ ਫੈਕਟਰੀਆਂ ਦੇ ਸੈਂਪਲ ਇਕੱਤਰ ਕੀਤੇ ਗਏ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਖੇਤਰ ਵਿੱਚ ਕੈਮੀਕਲ ਫੈਕਟਰੀਆਂ ਦਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਫੈਕਟਰੀਆਂ, ਨਿਯਮਾਂ ਦੀ ਅਣੇਦਖੀ ਕਰ ਖੁੱਲ੍ਹੇਆਮ ਬਿਨਾਂ ਟ੍ਰੀਟ ਕੀਤੇ ਦੂਸ਼ਿਤ ਪਾਣੀ ਨੇੜੇ ਤੋਂ ਲੰਘਦੀ ਬਰਸਾਤੀ ਚੋਅ ਅਤੇ ਨਾਲੇ ਵਿੱਚ ਛੱਡ ਰਹੀਆਂ ਹਨ। ਇਸ ਨਾਲ ਧਰਤੀ ਦੇ ਉੱਪਰ ਅਤੇ ਹੇਠਲਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਿਆ ਹੈ। ਇਸੇ ਪਾਣੀ ਦੀ ਵਰਤੋਂ ਜਦੋਂ ਕਿਸਾਨ ਆਪਣੀ ਫਸਲਾਂ ਲਈ ਕਰਦੇ ਹਨ ਤਾਂ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ। ਦੂਸ਼ਿਤ ਪਾਣੀ ਕਾਰਨ ਲੋਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਫੈਕਟਰੀਆਂ ਵੱਲੋਂ ਚਿਮਨੀ ਰਾਹੀਂ ਦੂਸ਼ਿਤ ਧੂੰਆਂ ਛੱਡ ਕੇ ਹਵਾ ਨੂੰ ਵੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਫੈਕਟਰੀਆਂ ਵੱਲੋਂ ਛੱਡੇ ਗਏ ਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ। ਇਸ ਸਬੰਧੀ ਪਿੰਡ ਹੈਬਤਪੁਰ ਦੀ ਪੰਚਾਇਤ ਵੱਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸਥਾਨਥ ਲੋਕਾਂ ਨੇ ਇੱਥੋਂ ਦੀ ਕੈਮੀਕਲ ਫੈਕਟਰੀਆਂ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਉਂਦੇ ਫੈਕਟਰੀ ਦੇ ਬਾਹਰ ਧਰਨਾ ਦਿੱਤਾ ਸੀ। ਇਸ ਸਬੰਧੀ ਅੱਜ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਮਗਰੋਂ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ। ਇਸ ਦੌਰਾਨ ਟੀਮ ਵੱਲੋਂ ਪਿੰਡ ਵਾਸੀਆਂ ਨਾਲ ਖ਼ਰਾਬ ਹੋਣ ਵਾਲੀ ਫਸਲਾਂ ਦੀ ਮੌਕਾ ਵੀ ਦੇਖਿਆ ਗਿਆ ਅਤੇ ਪਿੰਡ ਵਾਸੀਆਂ ਦੇ ਬਿਆਨ ਵੀ ਨੋਟ ਕੀਤੇ।
ਤਹਿਸੀਲਦਾਰ ਰਮਨਦੀਪ ਕੌਰ ਨੇ ਕਿਹਾ ਕਿ ਅੱਜ ਸਵੇਰ ਐੱਸ.ਡੀ.ਐੱਮ. ਕੁਲਦੀਪ ਬਾਵਾ ਦੀ ਹਦਾਇਤ ’ਤੇ ਅੱਜ ਸਬੰਧਿਤ ਖੇਤਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੂਸ਼ਣ ਰੋਕੂ ਬੋਰਡ ਦੇ ਐਸ.ਡੀ.ਓ. ਰਣਜੋਤ ਸ਼ਰਮਾ ਦੀ ਟੀਮ ਨੇ ਵੱਖ ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਇਕੱਤਰ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਪਲਾਂ ਨੂੰ ਲੈਬ ਵਿੱਚ ਭੇਜਿਆ ਜਾਏਗਾ ਜਿਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਸੱਚਾਈ ਸਾਹਮਣੇ ਆਏਗੀ। ਇਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਫੈਕਟਰੀਆਂ ਨੂੰ ਸਖ਼ਤ ਹਦਾਇਤ ਹੈ ਕਿ ਉਹ ਪ੍ਰਦੂਸ਼ਣ ਰੋਕੂ ਬੋਰਡ ਦੀ ਹਦਾਇਤ ਅਨੁਸਾਰ ਉਹ ਬਿਨਾਂ ਟ੍ਰੀਟ ਕੀਤੇ ਪਾਣੀ ਬਾਹਰ ਨਹੀਂ ਸੁੱਟ ਸਕਦੇ। ਇਸ ਦੌਰਾਨ ਖੇਤੀ ਬਾੜੀ ਵਿਭਾਗ ਦੇ ਅਫਸਰ ਸਵਰਨਜੀਤ ਸਿੰਘ ਵੀ ਹਾਜ਼ਰ ਸਨ।