ਪੱਤਰ ਪ੍ਰੇਰਕ
ਬਨੂੜ, 5 ਅਕਤੂਬਰ
ਮਹਿੰਦਰਾ ਐਂਡ ਮਹਿੰਦਰਾ ਦੀ ਮੁਹਾਲੀ ਸਥਿਤ ਸਵਰਾਜ ਟਰੈਕਟਰਜ਼ ਡਿਵੀਜ਼ਨ ਵੱਲੋਂ ਇਸ ਖੇਤਰ ਦੇ ਪਿੰਡ ਦੇਵੀਨਗਰ (ਅਬਰਾਵਾਂ) ਦੇ ਟੋਭੇ ਦੀ ਨੁਹਾਰ ਬਦਲਣ ਮਗਰੋਂ ਹੁਣ ਪਿੰਡ ਹੁਲਕਾ ਦੇ ਟੋਭੇ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਫੈਕਟਰੀ ਵੱਲੋਂ ਟੋਭੇ ਦੀ ਪੁਟਾਈ ਕਰਾ ਕੇ ਇਸ ਦੇ ਬੰਨ੍ਹ ਮਜ਼ਬੂਤ ਕਰਨ ਮਗਰੋਂ ਚਾਰ ਦੀਵਾਰੀ ਕੀਤੀ ਗਈ ਹੈ ਤੇ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਬੋਰ ਕਰਾਇਆ ਗਿਆ ਹੈ। ਟੋਭੇ ਦੁਆਲੇ ਬੂਟੇ ਲਗਾਏ ਗਏ ਹਨ ਤੇ ਟੋਭੇ ਦੀ ਕਿਨਾਰਿਆਂ ਕੋਲ ਸੈਰ ਕਰਨ ਲਈ ਪਿੰਡ ਵਾਸੀਆਂ ਵੱਲੋਂ ਰਾਹ ਬਣਾਇਆ ਗਿਆ ਹੈ। ਫੈਕਟਰੀ ਦੇ ਪ੍ਰਸ਼ਾਸਨਿਕ ਮੁਖੀ ਅਰੁਣ ਰਾਘਵ ਨੇ ਅੱਜ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਫੈਕਟਰੀ ਦੇ ਰੰਜਨ ਕੁਮਾਰ ਮਿਸ਼ਰਾ ਤੇ ਪਿੰਡ ਦੀ ਪੰਚਾਇਤ ਮੌਜੂਦ ਸੀ। ਪਿੰਡ ਵਾਸੀਆਂ ਨੇ ਫੈਕਟਰੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਪਿੰਡ ਹੁਲਕਾ, ਅਬਰਾਵਾਂ, ਤਸੌਲੀ ਅਤੇ ਢੇਲਪੁਰ ਦੀਆਂ 100 ਤੋਂ ਵਧੇਰੇ ਮਹਿਲਾਵਾਂ ਨੂੰ ਫੈਕਟਰੀ ਵੱਲੋਂ ਕਿਚਨ ਗਾਰਡਨਿੰਗ ਦੀ ਸਿਖਲਾਈ ਦਿੱਤੀ ਗਈ।