ਕੁਲਦੀਪ ਸਿੰਘ
ਚੰਡੀਗੜ੍ਹ, 3 ਜੂਨ
ਇਥੋਂ ਦੇ ਸੈਕਟਰ-18 ਸਥਿਤ ਗੌਰਮਿੰਟ ਪ੍ਰੈੱਸ ਬਿਲਡਿੰਗ ਵਿੱਚ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਸਥਾਪਤ ਕਰਨ ਲਈ ਯੂਟੀ ਪ੍ਰਸ਼ਾਸਨ ਅਤੇ ਹਵਾਈ ਸੈਨਾ ਵਿਚਾਲੇ ਅੱਜ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਮੈਂਬਰ ਪਾਰਲੀਮੈਂਟ ਕਿਰਨ ਖੇਰ, ਹਵਾਈ ਸੈਨਾ ਦੇ ਅਧਿਕਾਰੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਹਾਜ਼ਰੀ ਵਿੱਚ ਇਸ ਸਮਝੌਤੇ (ਮੈਮੋਰੰਡਮ ਆਫ ਅੰਡਰਸਟੈਂਡਿੰਗ) ’ਤੇ ਦਸਤਖ਼ਤ ਕਰਨ ਦੀ ਰਸਮ ਨਿਭਾਈ ਗਈ। ਇਸ ਮੌਕੇ ਹਵਾਈ ਸੈਨਾ ਨੇ ਏਅਰਕਰਾਫ਼ਟ ਦਾ ਪ੍ਰੋਪੈਲਰ ਮਾਡਲ ਦੀ ਪੇਸ਼ਕਾਰੀ ਕੀਤੀ।
ਚੰਡੀਗੜ੍ਹ ਪ੍ਰਸ਼ਾਸਨ ਮੁਤਾਬਕ ਗੌਰਮਿੰਟ ਪ੍ਰੈੱਸ ਬਿਲਡਿੰਗ ਵਿੱਚ ਏਅਰ ਫੋਰਸ ਹੈਰੀਟੇਜ ਸੈਂਟਰ ਬਣਾਇਆ ਜਾ ਰਿਹਾ ਹੈ ਜੋ ਕਿ ਆਪਣੀ ਕਿਸਮ ਦਾ ਦੇਸ਼ ਵਿੱਚ ਪਹਿਲਾ ਸੈਂਟਰ ਹੋਵੇਗਾ। ਇਸ ਸੈਂਟਰ ਵਿੱਚ ਸਿਮੂਲੇਟਰ, ਡੀਕਮਿਸ਼ਨਡ ਏਅਰਕ੍ਰਾਫਟ, ਐਰੋ ਇੰਜਣ ਅਤੇ ਭਾਰਤੀ ਹਵਾਈ ਸੈਨਾ ਨਾਲ ਸਬੰਧਤ ਕਲਾਕ੍ਰਿਤੀਆਂ ਰੱਖੀਆਂ ਜਾਣਗੀਆਂ। ਇਹ ਸੈਂਟਰ ਦੇਸ਼ ਦੇ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰੇਗਾ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਦੇਵੇਗਾ। ਹੈਰੀਟੇਜ ਸੈਂਟਰ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ। ਇਸ ਸੈਂਟਰ ਵਿੱਚ ਭਾਰਤੀ ਹਵਾਈ ਸੈਨਾ ਆਪਣੇ ਪੁਰਾਣੇ ਹਵਾਈ ਜਹਾਜ਼ਾਂ, ਹਥਿਆਰਾਂ ਅਤੇ ਯਾਦਗਾਰਾਂ ਅਤੇ ਆਡੀਓ-ਵੀਡੀਓ ਡਿਸਪਲੇਅ ਸਿਸਟਮ ਸਮੇਤ ਹੋਰ ਕਈ ਕਲਾਤਮਕ ਵਸਤਾਂ ਦਾ ਪ੍ਰਦਰਸ਼ਨ ਕਰੇਗੀ।