ਪੱਤਰ ਪ੍ਰੇਰਕ
ਚੰਡੀਗੜ੍ਹ, 21 ਜੁਲਾਈ
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਦੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਵਿੱਤ ਸਕੱਤਰ ਦੀ ਘੁਰਕੀ ਦੇ ਬਾਵਜੂਦ ਬੈਂਕ ਅਧਿਕਾਰੀਆਂ ਵੱਲੋਂ ਅਣਦੇਖਾ ਕਰਕੇ ਪ੍ਰੇਸ਼ਾਨ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਐਸੋਸੀਏਸ਼ਨ ਵੱਲੋਂ ਜਗਦੀਸ਼ ਸਿੰਘ ਸਰਾਓ ਨੇ ਦੱਸਿਆ ਕਿ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਮਹਿਕਮਿਆਂ ਸਮੇਤ ਸੀ.ਟੀ.ਯੂ. ਤੋਂ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਦੀਆਂ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੀਆਂ ਹੋਈਆਂ ਪੈਨਸ਼ਨਾਂ ਅਤੇ ਉਨ੍ਹਾਂ ਦੇ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਐਸ.ਬੀ.ਆਈ. ਨੇ ਪੈਨਸ਼ਨਰਾਂ ਦੀ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਪੈਨਸ਼ਨਾਂ ਸੋਧ ਕੇ 1 ਜਨਵਰੀ 2016 ਤੋਂ 30 ਜੂਨ 2022 ਤੱਕ ਸਾਰਾ ਬਕਾਇਆ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ ਪ੍ਰੰਤੂ ਪੰਜਾਬ ਨੈਸ਼ਨਲ ਬੈਂਕ, ਯੂਕੋ ਬੈਂਕ ਅਤੇ ਹੋਰ ਕਈ ਬੈਂਕ ਇਸ ਪਾਸੇ ਚੁੱਪ ਧਾਰੀ ਬੈਠੇ ਹਨ। ਇਨ੍ਹਾਂ ਬੈਂਕਾਂ ਦੀ ਘਟੀਆ ਕਾਰਗੁਜ਼ਾਰੀ ਕਰਕੇ ਪੈਨਸ਼ਨਰਾਂ ਵਿੱਚ ਰੋਸ ਹੈ। ਆਗੂਆਂ ਨੇ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਦੇ ਵਿੱਤ ਸਕੱਤਰ ਨਾਮਦੇਵ ਜਾਦੇ ਨੇ ਪੈਨਸ਼ਨਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ 11 ਜੁਲਾਈ ਨੂੰ ਬੈਂਕ ਅਧਿਕਾਰੀਆਂ ਨੂੰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਕੰਮ ਇੱਕ ਹਫ਼ਤੇ ਵਿੱਚ ਨਿਪਟਾਉਣ ਦੇ ਹੁਕਮ ਦਿੱਤੇ ਹਨ ਪ੍ਰੰਤੂ ਹਾਲੇ ਤੱਕ ਬੈਂਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।