ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਫਰਵਰੀ
ਇਥੋਂ ਦੇ ਸਿੱਖਿਆ ਵਿਭਾਗ ਦੀ ਆਨਲਾਈਨ ਈਡਬਲਿਊਐਸ ਦਾਖਲਾ ਪ੍ਰਕਿਰਿਆ ਦਾ ਅਮਲ ਲਟਕ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੇ ਗਲਤ ਤੇ ਅਧੂਰੇ ਦਸਤਾਵੇਜ਼ ਪੇਸ਼ ਕੀਤੇ ਹਨ ਜਿਸ ਕਾਰਨ ਸਿੱਖਿਆ ਵਿਭਾਗ ਨੇ ਇਸ ਦੀ ਅੰਤਿਮ ਮਿਤੀ ਵਧਾ ਕੇ ਪੰਜ ਮਾਰਚ ਕਰ ਦਿੱਤੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਹੁਣ ਤਕ ਵਿਭਾਗ ਕੋਲ 2932 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਪਰ ਜਦੋਂ ਵਿਭਾਗ ਨੇ ਇਨ੍ਹਾਂ ਦਰਖਾਸਤਾਂ ਦੀ ਜਾਂਚ ਕੀਤੀ ਤਾਂ ਕਈ ਦਰਖਾਸਤਾਂ ਅਧੂਰੀਆਂ ਸਨ ਤੇ ਕਈਆਂ ਨੇ ਗਲਤ ਜਾਣਕਾਰੀ ਭਰੀ ਸੀ ਜਿਸ ਕਾਰਨ ਵਿਭਾਗ ਨੂੰ ਹੁਣ ਤੀਜੀ ਵਾਰ ਅੰਤਿਮ ਮਿਤੀ ਵਧਾਉਣੀ ਪਈ ਹੈ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਾਲ ਤੋਂ ਈਡਬਲਿਊੂਐਸ ਦਾਖਲੇ ਆਨਲਾਈਨ ਕੀਤੇ ਜਾ ਰਹੇ ਸਨ ਜਿਸ ਕਾਰਨ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚਿਆਂ ਦੇ ਫਾਰਮ ਠੀਕ ਨਹੀਂ ਭਰੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਹੈਲਪ ਡੈਸਕਾਂ ਤੋਂ ਫਾਰਮ ਭਰੇ ਹਨ ਉਨ੍ਹਾਂ ਦੇ ਫਾਰਮ ਤਾਂ ਠੀਕ ਹਨ ਪਰ ਸਾਈਬਰ ਕੈਫਿਆਂ ਤੋਂ ਫਾਰਮ ਭਰਵਾਉਣ ਵਾਲਿਆਂ ਵਿਚ ਕਈ ਗਲਤੀਆਂ ਹਨ ਜਿਸ ਕਾਰਨ ਅੰਤਿਮ ਮਿਤੀ ਵਧਾ ਕੇ 5 ਮਾਰਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ 10 ਮਾਰਚ ਨੂੰ ਆਨਲਾਈਨ ਡਰਾਅ ਹੋਣਗੇ। ਸਿੱਖਿਆ ਵਿਭਾਗ ਨੇ ਦਰਖਾਸਤ ਕਰਨ ਵਾਲਿਆਂ ਦੀ ਸੂਚੀ ਵੈਬਸਾਈਟ ‘ਤੇ ਅਪਲੋਡ ਕਰ ਦਿੱਤੀ ਹੈ ਜੇ ਕਿਸੇ ਵਿਦਿਆਰਥੀ ਦੇ ਵੇਰਵੇ ਗਲਤ ਹਨ ਤਾਂ ਉਹ ਡੀਈਓ ਆਫਿਸ ਵਿਚ ਇਤਰਾਜ਼ ਦਰਜ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਪ੍ਰਾਈਵੇਟ ਸਕੂਲ ਕਈ ਗਰੀਬ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਦੇ ਸਨ।