ਪੱਤਰ ਪ੍ਰੇਰਕ
ਚੰਡੀਗੜ੍ਹ, 3 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਲਗਭਗ 20 ਦਿਨਾਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਬਲਾਈਂਡ (ਦ੍ਰਿਸ਼ਟੀਹੀਣ) ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਪੱਖੋਂ ਅਥਾਰਿਟੀ ਨੇ ਅੱਜ ਵੀ ਟਾਲ਼ਾ ਵੱਟਿਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਜਿਹੜੇ ਪੀ.ਯੂ. ਦੇ ਚਾਂਸਲਰ ਵੀ ਹਨ, ਦੀ ਆਮਦ ਨੂੰ ਲੈ ਕੇ ਅਥਾਰਿਟੀ ਅੱਜ ਵੀ.ਸੀ. ਦਫ਼ਤਰ ਅੱਗਿਉਂ ਧਰਨਾ ਖ਼ਤਮ ਕਰਵਾਉਣਾ ਚਾਹੁੰਦੀ ਸੀ ਪ੍ਰੰਤੂ ਮੰਗਾਂ ਦਾ ਹੱਲ ਨਾ ਕਰ ਸਕੀ। ਪੀ.ਯੂ. ਅਥਾਰਿਟੀ ਵੱਲੋਂ ਧਰਨੇ ਵਿੱਚ ਅੱਜ ਸਵੇਰੇ ਪਹੁੰਚੇ ਅਧਿਕਾਰੀ ਡਾ. ਨਿਧੀ ਗੌਤਮ, ਡਾ. ਨੀਲਿਮਾ ਤੇ ਡਾ. ਨਵੀਨ ਭਾਵੇਂ ਮੰਗਾਂ ਬਾਰੇ ਖਾਕਾ ਤਿਆਰ ਕਰ ਕੇ ਵੀ ਲੈ ਗਏ ਪ੍ਰੰਤੂ ਪੂਰਾ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਗਿਆ। ਧਰਨੇ ਉੱਤੇ ਬੈਠੇ ਬਲਾਈਂਡ ਵਿਦਿਆਰਥੀਆਂ ਨੀਰੂ, ਸਚਿਨ ਸ਼ਰਮਾ, ਰੋਹਿਤਪ੍ਰੀਤ ਸਿੰਘ ਤੇ ਹਰਪੁਨੀਤ ਕੌਰ ਆਦਿ ਨੇ ਦੱਸਿਆ ਕਿ ਪੀ.ਯੂ. ਅਥਾਰਿਟੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ। ਡੀਨ ਵਿਦਿਆਰਥੀ ਭਲਾਈ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਇ ਧਰਨੇ ਦੇ ਕੋਲ਼ੋਂ ਲੰਘ ਜਾਂਦੇ ਹਨ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਉਹ 4 ਨਵੰਬਰ ਨੂੰ ਯੂਨੀਵਰਸਿਟੀ ’ਚ ਪਹੁੰਚ ਰਹੇ ਉਪ-ਰਾਸ਼ਟਰਪਤੀ ਨੂੰ ਸਮੱਸਿਆਵਾਂ ਦੱਸਣਗੇ।