ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਪਹਾੜਾਂ ’ਤੇ ਹੋਈ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਝੱਖੜ ਨੇ ਟਰਾਈਸਿਟੀ ਵਿੱਚ ਮੁੜ ਕੰਬਣੀ ਛੇੜ ਦਿੱਤੀ ਹੈ। ਚੰਡੀਗੜ੍ਹ ਵਿੱਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਵਧ ਤੋਂ ਵੱਧ ਤਾਪਮਾਨ ਆਮ ਨਾਲੋਂ 4 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਚੰਡੀਗੜ੍ਹ ਵਿੱਚ ਵੀਰਵਾਰ ਸ਼ਾਮ ਤੱਕ 6.6 ਐੱਮਐੱਮ ਮੀਂਹ ਦਰਜ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧੇਗੀ।
ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 16.5 ਡਿਗਰੀ ਸੈਲੀਸਅਸ ਨੋਟ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 4 ਡਿਗਰੀ ਸੈਲਸੀਅਸ ਘੱਟ ਸੀ। ਇਸੇ ਦੌਰਾਨ ਘੱਟ ਤੋਂ ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 6 ਡਿਗਰੀ ਵੱਧ ਸੀ। ਲੰਘੀ ਰਾਤ ਤੋਂ ਪੈ ਰਹੇ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਿਨ ਭਰ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਵਰਗੀ ਸਥਿਤੀ ਬਣੀ ਰਹੀ।
ਪੰਚਕੂਲਾ (ਪੀਪੀ ਵਰਮਾ): ਸ਼ਹਿਰ ਵਿੱਚ ਮੀਂਹ ਕਾਰਨ ਅੱਜ ਜਨ-ਜੀਵਨ ਠੱਪ ਰਿਹਾ ਤੇ ਮਾਰਕੀਟਾਂ ਸੁੰਨਸਾਨ ਰਹੀਆਂ। ਸਕੂਲਾਂ ਵਿੱਚ ਵੀ ਬੱਚਿਆਂ ਦੀ ਗਿਣਤੀ 10 ਫੀਸਦੀ ਹੀ ਰਹੀ। ਮਾਰਕੀਟਾਂ ਵਿੱਚ ਰੇਹੜੀ ਫੜ੍ਹੀਆਂ ਵਾਲਿਆਂ ਦਾ ਕੰਮ ਬਰਸਾਤ ਕਾਰਨ ਬੰਦ ਰਿਹਾ। ਸੜਕਾਂ ਵਿੱਚ ਚੌਕਾਂ ’ਤੇ ਪਾਣੀ ਖੜ੍ਹਾ ਰਿਹਾ। ਮਨੀਮਾਜਰਾ ਤੋਂ ਪੰਚਕੂਲਾ ਵੱਲ ਆਉਂਦਾ ਬਰਸਾਤੀ ਨਾਲਾ ਵੀ ਪਾਣੀ ਨਾਲ ਭਰਿਆ ਰਿਹਾ। ਇਸੇ ਤਰ੍ਹਾਂ ਹੀ ਘੱਗਰ ਨਦੀ, ਕੌਸ਼ੱਲਿਆ ਡੈਮ ਅਤੇ ਸਿੱਸਵਾਂ ਨਦੀ ਵਿੱਚ ਵੀ ਪਾਣੀ ਦੀ ਰਫ਼ਤਾਰ ਤੇਜ਼ ਰਹੀ। ਪੰਚਕੂਲਾ- ਬਰਵਾਲਾ ਸੜਕ ’ਤੇ ਕਈ ਦਰੱਖਤ ਸੜਕਾਂ ’ਤੇ ਡਿੱਗ ਪਏ।