ਹਰਜੀਤ ਸਿੰਘ
ਜ਼ੀਰਕਪੁਰ, 21 ਜੁਲਾਈ
ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਮੌਨਸੂਨ ਦੌਰਾਨ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਜਲਥਲ ਹੋ ਜਾਂਦਾ ਹੈ। ਅੱਜ ਭਾਰੀ ਮੀਂਹ ਕਾਰਨ ਸ਼ਹਿਰ ਦੇ ਵੱਖ ਵੱਖ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝਲਣੀ ਪਈ। ਬਲਟਾਣਾ, ਲੋਹਗੜ੍ਹ, ਬਲਟਾਣਾ, ਢਕੋਲੀ, ਪੀਰਮੁਛੱਲਾ ਸਣੇ ਹੋਰਨਾਂ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਸਥਿਤੀ ਬਹੁਤ ਵਿਗੜ ਗਈ ਅਤੇ ਥਾਂ ਥਾਂ ਜਾਮ ਲੱਗ ਗਏ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਅਤੇ ਸੜਕਾਂ ’ਤੇ ਕਈ ਕਈ ਘੰਟੇ ਪਾਣੀ ਖੜ੍ਹਾ ਰਿਹਾ। ਇਸ ਤੋਂ ਇਲਾਵਾ ਸ਼ਹਿਰ ਵਿੱਚੋਂ ਲੰਘਦੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ ਰਾਹ, ਜ਼ੀਰਕਪੁਰ ਪਟਿਆਲਾ ਅਤੇ ਪਚੰਕੂਲਾ ਸੜਕ ’ਤੇ ਹਰੇਕ ਵਾਰ ਦੀ ਤਰ੍ਹਾਂ ਪਾਣੀ ਭਰਨ ਨਾਲ ਆਵਾਜਾਈ ਵਿੱਚ ਅੜਿੱਕਾ ਪੈਦਾ ਹੋ ਗਿਆ। ਲੋਕ ਘੰਟਿਆਂਬੱਧੀ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਵਿੱਚ ਫਸੇ ਰਹੇ। ਫਲਾਈਓਵਰ ਦੇ ਉੱਪਰ ਅਤੇ ਹੇਠਲੀ ਸੜਕ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪਾਣੀ ਵਿੱਚ ਫਸ ਕੇ ਕਈ ਦੋ ਅਤੇ ਚਾਰ ਪਹੀਆ ਵਾਹਨ ਖ਼ਰਾਬ ਹੋ ਗਏ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਆਗੂ ਸ਼ਹਿਰ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਪਾਣੀ ਦੀ ਨਿਕਾਸੀ ਸ਼ਹਿਰ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸ਼ਹਿਰ ਵਿੱਚ ਪੁਲਾਂ ਦੀ ਉਸਾਰੀ ਦੇ ਕੰਮ ਕਾਰਨ ਜਾਮ ਲੱਗਿਆ ਰਹਿੰਦਾ ਹੈ। ਮੀਂਹ ਨਾਲ ਸ਼ਹਿਰ ਵਿੱਚ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਲਈ ਕਈਂ ਥਾਵਾਂ ’ਤੇ ਵੱਡੀ ਪਾਈਪ ਪਾ ਕੇ ਲਾਈਨ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਹਾਲੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਮਗਰੋਂ ਇਸ ਸਮੱਸਿਆ ਦਾ ਹੱਲ ਹੋ ਜਾਏਗਾ।