ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਸਤੰਬਰ
ਸਿਟੀ ਬਿਊਟੀਫੁੱਲ ਵਿੱਚ ਸ਼ਾਮ ਸਮੇਂ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰ ਤੋਂ ਨਿਕਲੀ ਤੇਜ਼ ਧੁੱਪ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਬਾਅਦ ਦੁਪਹਿਰ ਅਚਾਨਕ ਮੌਸਮ ਵਿੱਚ ਆਏ ਬਦਲਾਅ ਤੋਂ ਬਾਅਦ ਇਕ ਘੰਟੇ ਦੇ ਕਰੀਬ ਤੇਜ਼ ਮੀਂਹ ਪੈਂਦਾ ਰਿਹਾ। ਜਿਸ ਨੇ ਮੌਸਮ ਸੁਹਾਵਣਾ ਕਰ ਦਿੱਤਾ। ਮੌਸਮ ਵਿਭਾਗ ਵੱਲੋਂ 17 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਦੇ ਬਰਾਬਰ ਰਿਹਾ ਹੈ। ਜਦੋਂਕਿ ਘੱਟ ਤੋਂ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੰਘੀ ਰਾਤ ਬੱਦਲਵਾਈ ਕਾਰਨ ਮੀਂਹ ਪੈਣ ਦੇ ਆਸਾਰ ਦਿਖਾਈ ਦੇ ਰਹੇ ਸਨ ਪਰ ਸਵੇਰ ਸਮੇਂ ਤੇਜ਼ ਧੁੱਪ ਨੇ ਲੋਕਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਸ਼ਾਮ 6 ਵਜੇ ਦੇ ਕਰੀਬ ਅਚਾਨਕ ਮੌਸਮ ਵਿੱਚ ਆਏ ਬਦਲਾਅ ਅਤੇ ਮਗਰੋਂ ਮੀਂਹ ਪੈਣ ਤੋਂ ਬਾਅਦ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਜਿਸ ਕਾਰਨ ਸੁਖਨਾ ਝੀਲ, ਰੌਕ ਗਾਰਡਨ ਸਣੇ ਹੋਰਨਾਂ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਦੀ ਭੀੜ ਲੱਗੀ ਰਹੀ।
ਦੂਜੇ ਪਾਸੇ ਸ਼ਹਿਰ ਵਿੱਚ ਪਏ ਇਕ ਘੰਟੇ ਦੇ ਮੀਂਹ ਕਾਰਨ ਆਵਾਜਾਈ ਦੀ ਰਫ਼ਤਾਰ ਵੀ ਘਟ ਗਈ ਸੀ ਕਿਉਂਕਿ ਸੜਕਾਂ ’ਤੇ ਪਾਣੀ ਖੜ੍ਹ ਗਿਆ ਸੀ। ਜਿਸ ਕਾਰਨ ਵਾਹਨ ਰੁਕ-ਰਕ ਕੇ ਚਲਦੇ ਵਿਖਾਈ ਦਿੱਤੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ। ਜਿਸ ਵਿੱਚ 17 ਅਤੇ 18 ਸਤੰਬਰ ਨੂੰ ਮਾਮੂਲੀ ਮੀਂਹ ਪੈ ਸਕਦਾ ਹੈ ਜਦੋਂਕਿ 19 ਅਤੇ 20 ਸਤੰਬਰ ਨੂੰ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।