ਪੱਤਰ ਪ੍ਰੇਰਕ
ਕੁਰਾਲੀ, 19 ਜੁਲਾਈ
ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਹੜ੍ਹ ਇਲਾਕੇ ਦੇ ਪਿੰਡਾਂ ਲਈ ਅਨੇਕਾਂ ਸਮੱਸਿਆਵਾਂ ਛੱਡ ਗਏ ਹਨ। ਇਲਾਕੇ ਦੇ ਪਿੰਡਾਂ ਵਿੱਚ ਜਿੱਥੇ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੜ੍ਹਾਂ ਕਾਰਨ ਹੋਇਆ ਹੈ ਉੱਥੇ ਸੜਕਾਂ ਤੇ ਗਲ਼ੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਹੈ ਜਦਕਿ ਕਈ ਸੜਕਾਂ ਤੋਂ ਆਵਾਜਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ। ਪਿੰਡ ਫਤਿਹਪੁਰ ਟੱਪਰੀਆਂ ਵਿੱਚ ਵੀ ਮੀਂਹ ਦੇ ਪਾਣੀ ਨੇ ਰਸਤੇ ਤੋੜ ਦਿੱਤੇ ਹਨ। ਪਿੰਡ ਵਾਸੀਆਂ ਵਲੋਂ ਖੁਦ ਹੀ ਟੁੱਟੀਆਂ ਸੜਕਾਂ,ਗਲੀਆਂ ਤੇ ਪਹੀਆਂ ਨੂੰ ਮਿੱਟੀ ਪਾ ਕੇ ਠੀਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਨੁਕਸਾਨ ਰਸਤਿਆਂ ਕਾਰਨ ਆਉਣ-ਜਾਣ ਵਾਲਿਆ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਨੌਜਵਾਨ ਆਗੂ ਤੇ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਸਤੇ ਨੂੰ ਖੁੱਦ ਹੀ ਠੀਕ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਨੇੜੇ ਪੱਕੇ ਨੱਕੇ ਲਾਕੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡ ਵਾਸੀ ਪਾਣੀ ਦੀ ਮਾਰ ਤੋਂ ਬਚ ਸਕਣ।