ਪੱਤਰ ਪ੍ਰੇਰਕ
ਲਾਲੜੂ, 15 ਜੁਲਾਈ
ਗੁਲਮੋਹਰ ਸਿਟੀ-ਇਕ ਲਾਲੜੂ ਦੇ ਵਾਸੀਆਂ ਨੇ ਬਿਲਡਰ ’ਤੇ ਕੌਂਸਲ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਕਲੋਨੀ ਵਿੱਚ ਸਹੂਲਤਾਂ ਨਾ ਦੇਣ ਦੇ ਦੋਸ਼ ਲਾਇਆ। ਲੋਕਾਂ ਨੇ ਕੌਂਸਲ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦਿਆਂ ਬਿਲਡਰ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਮੁੱਖ ਮੰਤਰੀ ਅਤੇ ਡੀਸੀ ਦੇ ਨਾਂ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਅਤੇ ਰਾਕੇਸ਼ ਕੁਮਾਰ ਵਾਸੀ ਗੁਲਮੋਹਰ ਸਿਟੀ-1 ਲਾਲੜੂ ਨੇ ਦੱਸਿਆ ਕਿ ਬਿਲਡਰ ਦਰਸ਼ਨ ਸਿੰਘ ਨੇ ਸਾਲ 2011 ਵਿੱਚ ਇਹ ਕਲੋਨੀ ਕੱਟੀ ਸੀ ਅਤੇ ਬਿਲਡਰ ਨੇ ਕਲੋਨੀ ਵਿੱਚ ਪਲਾਟ ਖਰੀਦਣ ਵਾਲੇ ਹਰ ਇਕ ਵਿਅਕਤੀ ਨੂੰ ਪੱਕੀਆਂ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਪਾਣੀ ਦੀ ਨਿਕਾਸੀ ਅਤੇ ਪਾਰਕ ਦੀ ਸਹੂਲਤ ਦੇਣ ਬਾਰੇ ਕਿਹਾ ਸੀ ਪਰ ਇਨ੍ਹਾਂ ਵਿੱਚੋਂ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ। ਇੱਥੇ ਸੜਕਾਂ ਟੁੱਟੀਆਂ ਹਨ, ਸਟਰੀਟ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ। ਇਸੇ ਤਰ੍ਹਾਂ ਪਾਰਕ ਲਈ ਛੱਡੀ ਜਗ੍ਹਾ ’ਤੇ ਦੁਕਾਨਾਂ ਬਣਾ ਕੇ ਵੇਚ ਦਿੱਤੀਆਂ ਗਈਆਂ। ਕਲੋਨੀ ਵਾਸੀ ਰਕੇਸ਼ ਕੁਮਾਰ, ਨੈਬ ਸਿੰਘ, ਬਲਬੀਰ ਸਿੰਘ ਅਤੇ ਭੋਲਾ ਸਿੰਘ ਦੇ ਮਕਾਨਾਂ ਦੀ ਨੀਂਹਾਂ ਵਿੱਚ ਪਾਣੀ ਚਲਾ ਗਿਆ ਅਤੇ ਗਲੀਆਂ ਵੀ ਧਸ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਜਾਂਚ ਉਪਰੰਤ ਬਿਲਡਰ ਤੇ ਕੌਂਸਲ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਸਲੇ ਦੇ ਹੱਲ ਦਾ ਭਰੋਸਾ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਉਹ ਮੌਕਾ ਵੇਖ ਕੇ ਮਸਲੇ ਦੇ ਹੱਲ ਲਈ ਯਤਨ ਕਰਨਗੇ ਤੇ ਬਿਲਡਰ ਕੋਲੋਂ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਜਾਵੇਗੀ।