ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਨਵੰਬਰ
ਇੱਥੋਂ ਦੇ ਫੇਜ਼-10 ਸਥਿਤ ਪਬਲਿਕ ਪਾਰਕ ਵਿੱਚ ਬੀਤੇ ਦਿਨੀਂ ਹੋਏ ਸਮਾਗਮ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਰਹਿੰਦ-ਖੂੰਹਦ ਨਾ ਚੁੱਕਣ ਕਾਰਨ ਪਾਰਕ ਵਿੱਚ ਚਾਰ-ਚੁਫੇਰੇ ਗੰਦਗੀ ਫੈਲ ਗਈ। ਇਸ ਕਾਰਨ ਸ਼ਹਿਰ ਵਾਸੀ ਔਖੇ ਹਨ ਅਤੇ ਥਾਂ-ਥਾਂ ਪਈ ਗੰਦਗੀ ਨੇ ਪਾਰਕ ਦਾ ਹੁਲੀਆ ਵਿਗਾੜ ਕੇ ਰੱਖ ਦਿੱਤਾ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-10 ਦੇ ਪ੍ਰਧਾਨ ਬਲਬੀਰ ਸਿੰਘ ਢੋਲ ਤੇ ਹੋਰਨਾਂ ਵਸਨੀਕਾਂ ਕਰਨੈਲ ਸਿੰਘ, ਹਰਵਿੰਦਰ ਸਿੰਘ, ਐੱਮਐੱਸ ਮਠਾੜੂ ਅਤੇ ਜਗਜੀਤ ਸਿੰਘ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਪਾਰਕ ਦੇ ਰੱਖ-ਰਖਾਅ ਦਾ ਮੁੱਦਾ ਚੁੱਕਿਆ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦਿਨੀਂ ਇਸ ਪਾਰਕ ਵਿੱਚ ਇੱਕ ਵੱਡਾ ਸਮਾਗਮ ਹੋਇਆ ਸੀ ਅਤੇ ਉੱਚੀ ਆਵਾਜ਼ ਵਿੱਚ ਡੀਜੇ ਵੱਜਦਾ ਰਿਹਾ।
ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਇਹ ਸਮਾਗਮ ਕਿਸੇ ਨਾਲ ਮੁਹੱਲੇ ਵਾਸੀ ਵੱਲੋਂ ਨਹੀਂ ਕੀਤਾ ਗਿਆ ਸਗੋਂ ਅੱਧਾ ਕਿਲੋਮੀਟਰ ਤੋਂ 6-7 ਪਾਰਕਾਂ ਛੱਡ ਕੇ ਇੱਕ ਅਜਿਹੇ ਵਿਅਕਤੀ ਵੱਲੋਂ ਕੀਤਾ ਗਿਆ, ਜਿਸ ਨੂੰ ਪਾਰਕ ਵਾਲੇ ਜਾਣਦੇ ਵੀ ਨਹੀਂ ਸਨ। ਸਥਾਨਕ ਵਸਨੀਕਾਂ ਨੇ ਚਲਦੇ ਪ੍ਰੋਗਰਾਮ ਵਿੱਚ ਕੋਈ ਵਿਘਨ ਨਹੀਂ ਪਾਇਆ। ਸ਼ਹਿਰ ਵਾਸੀਆਂ ਦੇ ਸਬਰ ਦੀ ਉਦੋਂ ਹੱਦ ਹੋ ਗਈ ਜਦੋਂ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਪਾਰਕ ਵਿੱਚ ਚਾਰ ਚੁਫੇਰੇ ਗੰਦਗੀ ਫੈਲੀ ਹੋਈ ਦੇਖੀ। ਉਨ੍ਹਾਂ ਨੇ ਮੁਸ਼ਕਲ ਨਾਲ ਸਮਾਗਮ ਕਰਵਾਉਣ ਵਾਲੇ ਤੱਕ ਪਹੁੰਚ ਕੀਤੀ ਤਾਂ ਅੱਗਿਓਂ ਉਸ ਨੇ ਇਹ ਜਵਾਬ ਦਿੱਤਾ ਕਿ ਪਾਰਕ ਦੀ ਸਫ਼ਾਈ ਕਰਨਾ ਤਾਂ ਨਿਗਮ ਦਾ ਕੰਮ ਹੈ ਜਦੋਂਕਿ ਸਮਾਗਮ ਤੋਂ ਬਾਅਦ ਜਨਤਕ ਥਾਂ ਦੀ ਸਫ਼ਾਈ ਦੀ ਜ਼ਿੰਮੇਵਾਰ ਸਬੰਧਤ ਵਿਅਕਤੀ/ਪ੍ਰਬੰਧਕ ਦੀ ਹੁੰਦੀ ਹੈ।