ਹਰਜੀਤ ਸਿੰਘ
ਜ਼ੀਰਕਪੁਰ, 20 ਅਕਤੂਬਰ
ਇਥੋਂ ਦੀ ਵੀਆਈਪੀ ਰੋਡ ’ਤੇ ਬਲੈਰੋ ਸਵਾਰ ਲੁਟੇਰਿਆਂ ਨੇ ਲੰਘੀ ਰਾਤ ਕੋਟਕ ਮਹਿੰਦਰਾ ਬੈਂਕ ਦਾ ਏਟੀਐਮ ਪੁੱਟ ਲਿਆ। ਮਸ਼ੀਨ ਵਿੱਚ ਕਰੀਬ 14 ਲੱਖ ਰੁਪਏ ਸਨ ਜੋ ਪੁਲੀਸ ਦੀ ਮੁਸਤੈਦੀ ਕਾਰਨ ਬਚ ਗਏ। ਪੁਲੀਸ ਨੇ ਕੁਝ ਦੇਰ ਬਾਅਦ ਹੀ ਇਕ ਲੁਟੇਰੇ ਨੂੰ ਕਾਬੂ ਕਰ ਏਟੀਐਮ ਮਸ਼ੀਨ ਬਰਾਮਦ ਕਰ ਲਈ ਜਦਕਿ ਉਸ ਦੇ ਤਿੰਨ ਸਾਥੀ ਫ਼ਰਾਰ ਹਨ। ਇਸ ਲੁੱਟ ਨੂੰ ਨਾਕਾਮ ਕਰਨ ਪਿੱਛੇ ਹੌਲਦਾਰ ਦੀਪਚੰਦ ਦਾ ਅਹਿਮ ਰੋਲ ਰਿਹਾ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਅਨਮੋਲ ਅਰੋੜਾ ਮੂਲ ਵਾਸੀ ਜਰਨੈਲ ਐਨਕਲੇਵ ਫੇਜ਼-1 ਨੇੜੇ ਲੱਕੀ ਢਾਬਾ ਤੇ ਹਾਲ ਵਾਸੀ ਕਿਰਾਏਦਾਰ ਗੁਰੂ ਨਾਨਕ ਕਲੋਨੀ ਢਕੋਲੀ ਵਜੋਂ ਹੋਈ ਹੈ। ਇਸੇ ਦੌਰਾਨ ਫ਼ਰਾਰ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਕਟਿਆਲ ਵਾਸੀ ਹਿੱਲ ਵਿਊ ਐਨਕਲੇਵ ਢਕੌਲੀ, ਦੀਪਕ ਸ਼ਰਮਾ ਵਾਸੀ ਪਿੰਡ ਦਫਰਪੁਰ ਲਾਲੜੂ ਅਤੇ ਗੁਰਪ੍ਰੀਤ ਸਿੰਘ ਉਰਫ਼ ਟਿੰਕੂ ਵਾਸੀ ਪਿੰਡ ਦੇਵੀ ਨਗਰ ਸੈਕਟਰ-3 ਪੰਚਕੂਲਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਐਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀ.ਐੱਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਤੜਕੇ ਤਕਰੀਬਨ ਸਾਢੇ ਚਾਰ ਵਜੇ ਬਲੈਰੋ ਗੱਡੀ ਵਿੱਚ ਆਏ ਇਨ੍ਹਾਂ ਮੁਲਜ਼ਮਾਂ ਨੇ ਵੀਆਈਪੀ ਰੋਡ ’ਤੇ ਸਥਿਤ ਸਵਿੱਤਰੀ ਹਾਈਟਸ-2 ਸੁਸਾਇਟੀ ਦੇ ਨੇੜੇ ਸਥਿਤ ਕੋਟਕ ਮਹਿੰਦਰਾ ਬੈਂਕ ਦੀ ਏਟੀਐਮ ਪੁੱਟ ਲਈ। ਮਸ਼ੀਨ ਵਿੱਚ ਤਕਰੀਬਨ ਸਾਢੇ 14 ਲੱਖ ਰੁਪਏ ਸਨ। ਮੁਲਜ਼ਮ ਇਸ ਮਸ਼ੀਨ ਨੂੰ ਪੁੱਟਣ ਮਗਰੋਂ ਉਸ ਨੂੰ ਬਲੈਰੋ ਗੱਡੀ ਦੇ ਪਿੱਛੇ ਬੰਨ੍ਹ ਕੇ ਪਟਿਆਲਾ ਰੋਡ ਵੱਲ ਲੈ ਗਏ। ਇਸ ਦੌਰਾਨ ਏਟੀਐਮ ਦੇ ਨੇੜੇ ਇਕ ਢਾਬਾ ਸੰਚਾਲਕ ਵੱਲੋਂ ਵੀਆਈਪੀ ਰੋਡ ’ਤੇ ਡਿਊਟੀ ਦੇ ਰਹੇ ਹੌਲਦਾਰ ਦੀਪ ਚੰਦ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਮਾਮਲੇ ਦੀ ਜਾਣਕਾਰੀ ਥਾਣਾ ਮੁਖੀ ਨੂੰ ਦਿੱਤੀ। ਥਾਣਾ ਮੁਖੀ ਰਾਜਪਾਲ ਸਿੰਘ ਗਿੱਲ ਪੁਲੀਸ ਫੋਰਸ ਨਾਲ ਤੁਰੰਤ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਸੜਕ ’ਤੇ ਪਏ ਰਗੜ ਦੇ ਨਿਸ਼ਾਨਾਂ ਦਾ ਪਿੱਛਾ ਕੀਤਾ ਅਤੇ ਨੇੜਲੇ ਪਿੰਡ ਰਾਮਗੜ੍ਹ ਭੁੱਡਾ ਦੇ ਖੇਤਾਂ ਵਿੱਚ ਸੁੰਨਸਾਨ ਥਾਂ ’ਤੇ ਪਹੁੰਚ ਗਏ। ਇਥੇ ਲੁਟੇਰੇ ਮਸ਼ੀਨ ਨੂੰ ਤੋੜ ਕੇ ਉਸ ਵਿੱਚੋਂ ਨਕਦੀ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਨੂੰ ਦੇਖ ਕੇ ਲੁਟੇਰਿਆਂ ਨੇ ਏਟੀਐਮ ਅਤੇ ਬਲੈਰੋ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਨ੍ਹਾਂ ਵਿੱਚੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ।
ਲੁਟੇਰਿਆਂ ਨੇ 15 ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ
ਪੁਲੀਸ ਨੇ ਦੱਸਿਆ ਕਿ ਲੁਟੇਰਿਆਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਿਰਫ਼ 15 ਮਿੰਟ ਲਗਾਏ ਅਤੇ ਬਲੈਰੋ ਗੱਡੀ ਦੇ ਪਿੱਛੇ ਬੰਨ੍ਹੀ ਮੋਟੀ ਰੱਸੀ ਨਾਲ ਏਟੀਐਮ ਨੂੰ ਬੰਨ੍ਹ ਲਿਆ ਅਤੇ ਗੱਡੀ ਦੀ ਮਦਦ ਨਾਲ ਹੀ ਮਸ਼ੀਨ ਨੂੰ ਪੁੱਟ ਲਿਆ। ਏਟੀਐਮ ਮਸ਼ੀਨ ’ਤੇ ਕੋਈ ਗਾਰਡ ਤਾਇਨਾਤ ਨਹੀਂ ਸੀ ਜਿਸ ਤੋਂ ਸਪਸ਼ਟ ਹੈ ਕਿ ਮੁਲਜ਼ਮਾਂ ਨੇ ਰੇਕੀ ਕਰਨ ਮਗਰੋਂ ਇਸ ਮਸ਼ੀਨ ਨੂੰ ਪੁੱਟਣ ਲਈ ਚੁਣਿਆ ਸੀ। ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਦੀਆਂ ਟੀਮਾਂ ਛਾਪੇ ਮਾਰ ਰਹੀਆਂ ਹਨ। ਪੁਲੀਸ ਨੇ ਮੁਲਜ਼ਮਾਂ ਤੋਂ ਇਕ ਏਅਰ ਗੰਨ, ਲਾਈਟਰ, ਹਥੌੜਾ ਤੇ ਛੈਣੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ।