ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਅਗਸਤ
ਇਥੋਂ ਦੇ ਭਬਾਤ ਖੇਤਰ ਵਿੱਚ ਪੈਂਦੇ ਸ਼ਿਵਾ ਐਨਕਲੇਵ ਵਿੱਚ ਦੋ ਲੁਟੇਰੇ ਇਕ ਦੁਕਾਨ ’ਚ ਕੱਪੜੇ ਦੇਖਣ ਦੇ ਬਹਾਨੇ ਵੜ ਕੇ ਪਿਸਤੌਲ ਦਿਖਾ ਕੇ ਮਹਿਲਾ ਦੁਕਾਨਦਾਰ ਦੇ ਸੋਨੇ ਦੇ ਟੌਪਸ, ਚੇਨ ਅਤੇ ਮੋਬਾਈਲ ਦਾ ਸਿਮ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਸਕਾਨ ਅਰੋੜਾ ਪਤਨੀ ਅਮਿਤ ਅਰੋੜਾ ਨੇ ਦੱਸਿਆ ਕਿ ਉਹ ਸ਼ਿਵਾ ਐਨਕਲੇਵ ਵਿੱਚ ਓਮ ਸਾਈਂ ਟ੍ਰੇਡਰ ਦੇ ਨਾਂਅ ਹੇਠ ਰੇਡੀਮੇਡ ਕੱਪੜੇ ਦੀ ਦੁਕਾਨ ਕਰਦੀ ਹੈ। ਅੱਜ ਦੁਪਹਿਰ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ, ਜਿਨ੍ਹਾਂ ਨੇ ਪੰਦਰਾਂ ਮਿੰਟ ਉਥੇ ਕੱਪੜੇ ਦੇਖੇ। ਜਦੋਂ ਉਹ ਜਾਣ ਲੱਗੇ ਤਾਂ ਦੁਕਾਨ ਨੂੰ ਖਾਲੀ ਦੇਖ ਕੇ ਦੋਵੇਂ ਜਣੇ ਵਾਪਸ ਆ ਗਏ ਅਤੇ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਡਰਾਇਆ ਅਤੇ ਉਸਦੇ ਗਲ ਵਿੱਚ ਪਾਏ ਸੋਨੇ ਦੀ ਚੇਨ ਅਤੇ ਕੰਨਾਂ ਵਿੱਚ ਪਾਏ ਟੌਪਸ ਖੋਹ ਕੇ ਫ਼ਰਾਰ ਹੋ ਗਏ। ਫ਼ਰਾਰ ਹੁੰਦੇ ਹੋਏ ਲੁਟੇਰੇ ਉਸਦੇ ਮੋਬਾਈਲ ’ਚੋਂ ਸਿਮ ਵੀ ਕੱਢ ਕੇ ਲੈ ਗਏ। ਇਸ ਘਟਨਾ ਮਗਰੋਂ ਦੁਕਾਨਦਾਰ ਅਤੇ ਲੋਕ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਵਧ ਗਏ ਕਿ ਉਹ ਦੁਕਾਨਾਂ ਦੇ ਅੰਦਰ ਵੜ ਕੇ ਸ਼ਰੇਆਮ ਲੁੱਟਾਂ-ਖੋਹਾਂ ਕਰਨ ਲੱਗ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿੱਚ ਵਧਦੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਤੇ ਪੁਲੀਸ ਦੀ ਸਖ਼ਤੀ ਵਧਾਈ ਜਾਵੇ। ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।