ਕਰਮਜੀਤ ਸਿੰਘ ਚਿੱਲਾ
ਬਨੂੜ, 31 ਦਸੰਬਰ
ਤੰਗੌਰੀ ਦੇ ਮਕਾਨ ਵਿੱਚ ਅੱਜ ਗੈਸ ਸਿਲੰਡਰ ਫਟਣ ਕਾਰਨ ਕਮਰੇ ਦੀ ਛੱਤ ਡਿੱਗ ਪਈ। ਅੱਗ ਲੱਗਣ ਕਾਰਨ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁਹਾਲੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ।
ਪੀੜਤ ਬਲਕਾਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਤੇ ਉਸ ਕੋਲ ਰਹਿਣ ਲਈ ਇਕ ਕਮਰਾ ਹੀ ਹੈ ਜਿਸ ਵਿੱਚ ਉਸ ਨੇ ਰਸੋਈ ਵੀ ਬਣਾਈ ਹੋਈ ਹੈ। ਅੱਜ ਸਵੇਰੇ ਜਦੋਂ ਉਸ ਦੇ ਤਿੰਨੇ ਬੱਚੇ ਤੇ ਪਤਨੀ ਕਮਰੇ ਵਿੱਚ ਮੌਜੂਦ ਸਨ ਤਾਂ ਅਚਾਨਕ ਗੈਸ ਸਿਲੰਡਰ ਫਟ ਗਿਆ ਤੇ ਮਕਾਨ ਦੀ ਛੱਤ ਡਿੱਗ ਗਈ ਤੇ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਸੜ ਗਿਆ। ਮੌਕੇ ’ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਛੱਤ ਹੇਠੋਂ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ।
ਪਿੰਡ ਦੇ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਖਰੜ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੌਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਵਿਚੋਂ ਪਰਿਵਾਰ ਨੂੰ ਬਾਹਰ ਕੱਢਿਆ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।